ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਕੀਤੇ ਜਾਣ ਨਾਲ ਹੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਵਿਕਸਤ ਨਾ ਹੋਈ ਹੋਣ ਦਾ ਬਹਾਨਾ ਛੱਡਣਾ ਚਾਹੀਦਾ ਹੈ ਅਤੇ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅੰਗੇਰਜ਼ੀ ਵਿਭਾਗ ਵੱਲੋਂ ਆਰੰਭ ਕੀਤੀ ਗਈ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਲੜੀ ਦੇ ਪਹਿਲੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਅਰਵਿੰਦ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਘੇ ਫਿਲਮੀ ਕਾਲਾਕਾਰ ਅਤੇ ਸਾਹਿਤਕਾਰ ਬਲਰਾਜ ਸਾਹਨੀ ਨੇ ਆਪਣੀ ਮਾਂ ਭਾਸ਼ਾ ਵੱਲ ਮੋੜਾ ਕੱਟ ਕੇ ਉਚਕੋਟੀ ਦਾ ਸਾਹਿਤ ਲਿਖਿਆ ਜਿਸ ਦੀ ਅੱਜ ਵੀ ਬਹੁਤ ਪ੍ਰਸੰਗਿਕਤਾ ਹੈ ਬਲਰਾਜ ਸਾਹਨੀ ਦੀ ਰਬਿੰਦਰ ਨਾਥ ਟੈਗੋਰ ਨਾਲ ਹੋਈ ਮੁਲਾਕਾਤ ਜ਼ਿਕਰ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਰਬਿੰਦਰ ਨਾਥ ਟੈਗੋਰ ਦੀ ਪ੍ਰੇਰਣਾ ਸਦਕਾ ਹੀ ਬਲਰਾਜ ਸਾਹਨੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ।
ਬਲਰਾਜ ਸਾਹਨੀ ਨੇ ਵੀ ਇਸ ਮੁੁਲਾਕਾਤ ਦੌਰਾਨ ਰਬਿੰਦਰ ਨਾਲ ਟੈਗੋਰ ਨੂੰ ਪੰਜਾਬੀ ਭਾਸ਼ਾ ਦੇ ਘੱਟ ਵਿਕਸਤ ਹੋਣ ਦਾ ਤਰਕ ਦਿੱਤਾ ਸੀ ਪਰ ਰਬਿੰਦਰ ਨਾਲ ਟੈਗੋਰ ਵੱਲੋਂ ਆਪਣੀ ਗੱਲ ਠੋਸ ਤਰੀਕੇ ਨਾਲ ਰੱਖਣ ਕਰਕੇ ਬਲਰਾਜ ਸਾਹਨੀ ਨੇ ਮਾਂ ਭਾਸ਼ਾ ਵੱਲ ਮੋੜਾ ਕੱਟਿਆ ਅਤੇ ਵਧੀਆ ਸਾਹਿਤ ਦੀ ਸਿਰਜਣਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਰਾਹੀਂ ਹੀ ਆਪਣੇ ਭਾਵਾਂ ਨੂੰ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ। ਇਸ ਭਾਸ਼ਣ ਲੜੀ ਦਾ ਇਹ ਪਹਿਲਾ ਭਾਸ਼ਣ ਮਦਨ ਗੋਪਾਲ ਸਿੰਘ ਨੇ ਦਿੱਤਾ। ਬਲਰਾਜ ਸਾਹਨੀ ਨਾਲ ਆਪਣੀਆਂ ਸਾਂਝਾਂ ਦੇ ਹਵਾਲੇ ਨਾਲ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਦੀ ਪੰਜਾਬੀਅਤ ਤੋਂ ਲੈ ਕੇ ਸਿਨੇਮਾ ਦੇ ਵੱਖ-ਵੱਖ ਪੱਖਾਂ ਬਾਰੇ ਆਪਣੀਆਂ ਅਹਿਮ ਧਾਰਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬਲਰਾਜ ਸਾਹਨੀ ਆਪਣੇ ਅੰਤਲੇ ਸਾਹ ਤੱਕ ਪੰਜਾਬੀਅਤ ਨਾਲ ਪ੍ਰਣਾਏ ਰਹੇ ਪਰ ਇਸ ਦੇ ਨਾਲ ਨਾਲ ਸਾਨੂੰ ਉਨ੍ਹਾਂ ਕਾਰਨਾਂ ਨੂੰ ਸਮਝਣ ਦੀ ਵੀ ਲੋੜ ਹੈ ਜੋ ਉਨ੍ਹਾਂ ਦੇ ਪੰਜਾਬ ਤੋਂ ਬਾਹਰ ਜਾਣ ਦਾ ਕਾਰਨ ਬਣੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਖ਼ਸੀਅਤ ਉੱਤੇ ਬਲਰਾਜ ਸਾਹਨੀ ਦਾ ਬਹੁਤ ਗਹਿਰਾ ਪ੍ਰਭਾਵ ਹੈ। ਭਾਸ਼ਾ ਫ਼ੈਕਲਟੀ ਦੇ ਡੀਨ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਇਸ ਮੌਕੇ ਬੋਲਦਿਆਂ ਮਦਨ ਗੋਪਾਲ ਸਿੰਘ ਦੀ ਸ਼ਖ਼ਸੀਅਤ ਅਤੇ ਵਿਦਵਤਾ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਮਦਨ ਗੋਪਾਲ ਸਿੰਘ ਦੇ ਖਿਆਲ ਸੰਗੀਤਕ ਧੁਨਾਂ ਵਾਂਗ ਤੈਰਦੇ ਹਨ। ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਮਦਨ ਗੋਪਾਲ ਸਿੰਘ ਦੇ ਅਕਾਦਮਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਮੰਚ ਦਾ ਸੰਚਾਲਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮੋਨਿਕਾ ਸਭਰਵਾਲ ਵੱਲੋਂ ਕੀਤਾ ਗਿਆ।