ਪਟਿਆਲਾ : ਦਿਲਚਸਪੀ ਨਾਲ਼ ਹਰ ਕਲਾ ਸਿੱਖੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਮਨੁੱਖ ਜੇ ਦਿਲਚਸਪੀ ਲਵੇ ਤਾਂ ਫ਼ੋਟੋਗਰਾਫ਼ੀ ਦੀ ਕਲਾ ਸਿੱਖ ਸਕਦਾ ਹੈ। ਤਕਨਾਲੌਜੀ ਦੇ ਲਗਾਤਾਰ ਵਿਕਾਸ ਨੇ ਕਲਾ ਖੇਤਰ ਲਈ ਵੀ ਬਹੁਤ ਸਾਰੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਹ ਵਿਚਾਰ ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਅਤੇ ਮਿਊਜ਼ੀਅਮ ਤੇ ਆਰਟ ਗੈਲਰੀ ਵੱਲੋਂ ਲਗਾਈ ਜਾ ਰਹੀ ਫ਼ੋਟੋ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਫ਼ੋਟੋਗਰਾਫ਼ੀ ਦੇ ਖੇਤਰ ਵਿੱਚ ਜਿੱਥੇ ਪਹਿਲਾਂ ਫ਼ੋਟੋ ਨੂੰ ਪ੍ਰਿੰਟ ਰੂਪ ਵਿੱਚ ਵਿਕਸਿਤ ਹੋਣ ਲਈ ਲੈਬਾਰਟਰੀ ਵਿੱਚ ਜਾਣਾ ਪੈਂਦਾ ਸੀ ਉਸ ਦੀ ਬਜਾਇ ਹੁਣ ਨਵੀਂ ਕਿਸਮ ਦੇ ਕੈਮਰੇ ਆਉਣ ਨਾਲ਼ ਇਸ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਜਸਕਰਨ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਖਿੱਚੀਆਂ ਫ਼ੋਟੋਆਂ ਦੀ ਇਸ ਪ੍ਰਦਰਸ਼ਨੀ ਬਾਰੇ ਗੱਲ ਕਰਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਤੋਂ ਜਿੱਥੇ ਇੱਕ ਪਾਸੇ ਪ੍ਰੇਰਣਾ ਮਿਲਦੀ ਹੈ ਅਤੇ ਓਥੇ ਦੂਜੇ ਪਾਸੇ ਵਿਦਿਆਰਥੀ ਮਾਹਿਰਾਂ ਦੇ ਕੰਮ ਨੂੰ ਵੇਖ ਕੇ ਆਪਣੇ ਹੁਨਰ ਨੂੰ ਨਿਖਾਰਨ ਲਈ ਬਹੁਤ ਸਾਰੇ ਨੁਕਤੇ ਵੀ ਸਿਖਦੇ ਹਨ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਇਸ ਪ੍ਰਦਰਸ਼ਨੀ ਲਈ ਵਿਭਾਗ ਦੇ ਕਦਮ ਦੀ ਸ਼ਲਾਘਾ ਕਰਦਿਆਂ ਇਸ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜਕਲ੍ਹ ਬੁੱਧੀ ਸੰਬੰਧੀ ਮਾਪ ਦੇ ਪੈਮਾਨੇ ਬਦਲ ਗਏ ਹਨ। ਕਲਾ ਜਾਂ ਹੁਨਰ ਦਾ ਸਤਿਕਾਰ ਵਧ ਗਿਆ ਹੈ। ਰਣਜੋਧ ਸਿੰਘ ਵੱਲੋਂ ਆਪਣੇ ਹੁਨਰ, ਸ਼ੌਕ, ਪ੍ਰੇਰਣਾ ਅਤੇ ਪ੍ਰਦਰਸ਼ਨੀ ਵਿੱਚ ਲੱਗੀਆਂ ਤਸਵੀਰਾਂ ਆਦਿ ਬਾਰੇ ਅਨੁਭਵ ਸਾਂਝਾ ਕਰਦਿਆਂ ਇੱਕ ਅਹਿਮ ਟਿੱਪਣੀ ਕੀਤੀ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰਾਹਤ ਲੈਣ ਲਈ ਮਨੁੱਖ ਕਲਾ ਵੱਲ ਜਾਂਦਾ ਹੈ। ਵਿਭਾਗ ਮੁਖੀ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 30 ਅਪ੍ਰੈਲ ਤੱਕ ਜਾਰੀ ਰਹਿਣੀ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇੱਕ ਵੱਖਰੇ ਸੈਸ਼ਨ ਦੌਰਾਨ ਰਣਜੋਧ ਸਿੰਘ ਅਤੇ ਜਸਕਰਨ ਸਿੰਘ ਵੱਲੋਂ ਵਿਦਿਆਰਥੀਆਂ ਨਾਲ਼ ਫ਼ੋਟੋਗ੍ਰਾਫੀ ਦੇ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ ਜਾਣੇ ਹਨ।