ਲੌਂਗੋਵਾਲ : ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਦੀ ਮੰਗ ਕਰਨ ਵਾਲੀ ਕਾਲਜ਼ ਬਣਾਓ ਕਮੇਟੀ ਦੇ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਲੌਂਗੋਵਾਲ ਵਿਖੇ ਵਰਕਰ ਮਿਲਣੀ ਕਰਨ ਪੁੱਜੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅਕਾਲੀ ਆਗੂਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਲਕਾ ਇੰਚਾਰਜ ਰਾਜਿੰਦਰ ਦੀਪਾ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਸਮੇਤ ਕਸਬੇ ਦੇ ਇੱਕ ਹੋਟਲ ਵਿੱਚ ਚੋਣਾਂ ਦੇ ਮੱਦੇਨਜ਼ਰ ਵਰਕਰ ਮਿਲਣੀ ਕਰਨ ਲਈ ਆਏ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਮੈਡੀਕਲ ਕਾਲਜ਼ ਬਣਾਉਣ ਵਿੱਚ ਜਾਣ ਬੁੱਝ ਕੇ ਕਾਨੂੰਨੀ ਅੜਿੱਕੇ ਖੜ੍ਹੇ ਕਰ ਰਹੀ ਹੈ। ਧਰਨਾਕਾਰੀਆਂ ਨੇ ਅਕਾਲੀ ਆਗੂਆਂ ਦਾ ਵਿਰੋਧ ਕਰਨ ਸਮੇਂ ਕਾਲੀਆਂ ਝੰਡੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਝੰਡੇ ਚੁੱਕੇ ਹੋਏ ਸਨ। ਹੋਟਲ ਦੇ ਬਾਹਰ ਅਕਾਲੀ ਆਗੂਆਂ ਦਾ ਘਿਰਾਓ ਕਰਕੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਸਵੰਤ ਸਿੰਘ ਦੁੱਗਾਂ, ਗੁਰਪਿਆਰ ਸਿੰਘ ਲੌਂਗੋਵਾਲ, ਭਜਨ ਸਿੰਘ ਦੁੱਗਾਂ, ਕਰਮਜੀਤ ਸਿੰਘ ਅਤੇ ਜਗਦੇਵ ਸਿੰਘ ਦੁੱਗਾਂ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਹਰਾ ਬਣਾਕੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਨ ਵਿੱਚ ਜਾਣ ਬੁੱਝ ਕੇ ਕਾਨੂੰਨੀ ਅੜਿੱਕੇ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਕਾਲਜ਼ ਬਣਾਉਣ ਲਈ ਲੋੜੀਂਦੀ ਕਰੀਬ 25 ਏਕੜ ਜ਼ਮੀਨ ਦੇ ਦਿੱਤੀ ਗਈ ਸੀ ਲੇਕਿਨ ਸ਼੍ਰੋਮਣੀ ਕਮੇਟੀ ਨੇ ਅਦਾਲਤ ਤੋਂ ਸਟੇਅ ਲੈਕੇ ਕਾਲਜ਼ ਬਣਨ ਤੋਂ ਰੋਕ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਲਈ ਲੋੜੀਂਦੀ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ ਲੇਕਿਨ ਅਕਾਲੀ ਦਲ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਰਾਹੀਂ ਕਥਿਤ ਤੌਰ ਤੇ ਅੜਿੱਕੇ ਲਾਉਂਦੀ ਆ ਰਹੀ ਹੈ। ਇਸੇ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਧਰਨਾਕਾਰੀਆਂ ਨਾਲ ਗੱਲ ਕੀਤੇ ਬਗੈਰ ਚਲੇ ਗਏ।
ਝੂੰਦਾਂ ਵੱਲੋਂ ਮੁੱਖ ਮੰਤਰੀ ਤੇ ਫੋਕੀ ਸ਼ੋਹਰਤ ਲਈ ਰਾਜਨੀਤੀ ਕਰਨ ਦੇ ਇਲਜ਼ਾਮ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੇ ਵਰਕਰ ਮਿਲਣੀ ਦੌਰਾਨ ਬੋਲਦਿਆਂ ਕਿਹਾ ਕਿ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਡੀਕਲ ਕਾਲਜ ਬਣਾਉਣਾ ਹੀ ਨਹੀਂ ਚਾਹੁੰਦੇ, ਉਹ ਫੋਕੀ ਸ਼ੋਹਰਤ ਲਈ ਸਿਰਫ਼ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਗਜੈਕਟਿਵ ਦੀ ਮੀਟਿੰਗ ਵਿੱਚ ਬਕਾਇਦਾ ਮਤਾ ਪਾਸ ਕਰਕੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਕਿ ਸੂਬੇ ਦੇ ਮੁੱਖ ਮੰਤਰੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਲੋੜੀਂਦੀ ਜ਼ਮੀਨ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਰੂਪ ਵਿੱਚ ਪੱਤਰ ਭੇਜਣ, ਸ਼੍ਰੋਮਣੀ ਕਮੇਟੀ ਲੋੜ ਅਨੁਸਾਰ ਜ਼ਮੀਨ ਦੇ ਦੇਵੇਗੀ। ਐਡਵੋਕੇਟ ਝੂੰਦਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਜੇ ਤੱਕ ਕੋਈ ਪੱਤਰ ਸ਼੍ਰੋਮਣੀ ਕਮੇਟੀ ਨੂੰ ਨਹੀਂ ਲਿਖਿਆ ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਕਤ ਮਾਮਲੇ ਵਿੱਚ ਸਿਰਫ਼ ਰਾਜਨੀਤੀ ਕਰ ਰਹੇ ਹਨ।