ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਦਾ ਉਘੇ ਸਾਇੰਸਦਾਨਾਂ ਨਾਲ ਸੰਪਰਕ ਪੈਦਾ ਕਰਨ ਲਈ ਹੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਭਾਸ਼ਣ ਲੜੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਿਦਿਆਰਥੀ ਉਨ੍ਹਾਂ ਨਾਲ ਸਿੱਧੇ ਜੁੜ ਸਕਣ ਅਤੇ ਗਿਆਨ ਵਿਗਿਆਨ ਦੇ ਖੇਤਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਭਾਸ਼ਣ ਲੜੀ ਦੇ ਇਸ ਪੰਜਵੇਂ ਭਾਸ਼ਣ ਦੌਰਾਨ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਚੱਲ ਰਹੇ ਨਿਵੇਕਲੀ ਕਿਸਮ ਦੇ ਏਕੀਕ੍ਰਿਤ ਕੋਰਸਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਵੱਖ-ਵੱਖ ਅਨੁਸ਼ਾਸਨਾਂ ਨੂੰ ਆਪਸ ਵਿੱਚ ਜੋੜ ਕੇ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਅਸਲ ਅਰਥਾਂ ਵਿੱਚ ਅੰਤਰ-ਅਨੁਸ਼ਾਸਨੀ ਪਹੁੰਚ ਨੂੰ ਪ੍ਰਣਾਏ ਹੋਏ ਕੋਰਸ ਹਨ ਜਿੱਥੇ ਵਿਦਿਆਰਥੀ ਬਿਨਾ ਕਿਸੇ ਬੰਦਿਸ਼ ਤੋਂ ਆਪਣੀ ਮਰਜ਼ੀ ਦੇ ਵੱਖ-ਵੱਖ ਵਿਸ਼ੇ ਚੁਣ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ਦੇ ਆਪਸੀ ਸੰਬੰਧਾਂ ਉੱਤੇ ਅਜਿਹੇ ਭਾਸ਼ਣ ਦੇਣ ਲਈ ਉਘੇ ਸਾਇੰਸਦਾਨਾਂ ਨੂੰ ਸੱਦਿਆ ਜਾਂਦਾ ਹੈ।
ਇਸ ਦੌਰਾਨ ਕੁੰਜੀਵੱਤ ਭਾਸ਼ਣ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਵਿਗਿਆਨੀ ਪ੍ਰੋ. ਸੁਸ਼ਾਂਤ ਦੱਤਾਗੁਪਤਾ ਨੇ ਦਿੱਤਾ। ਉਨ੍ਹਾਂ ਧਿਆਨ ਕਰਨ ਦੀ ਵਿਸ਼ੇਸ਼ ਵਿਧੀ ਵਿਪਸਨਾ ਬਾਰੇ ਕੁਆਂਟਮ ਥਿਊਰੀ ਦੇ ਹਵਾਲੇ ਨਾਲ ਗੱਲ ਕੀਤੀ। ਪ੍ਰੋ. ਸੁਸ਼ਾਂਤ ਦੱਤਾ ਗੁਪਤਾ ਨੇ 1930 ਦੌਰਾਨ ਪ੍ਰਸਿੱਧ ਵਿਗਿਆਨੀ ਆਈਨਸਟੀਨ ਅਤੇ ਵਿਸ਼ਵ ਪ੍ਰਸਿੱਧ ਬੰਗਾਲੀ ਲੇਖਕ ਰਬਿੰਦਰ ਨਾਥ ਟੈਗੋਰ ਦਰਮਿਆਨ ਹੋਈ ਗੱਲਬਾਤ ਨੂੰ ਅਧਾਰ ਬਣਾ ਕੇ ਧਿਆਨ ਕਰਨ ਦੀ ਵਿਧੀ ਵਿਪਾਸਨਾ ਅਤੇ ਕੁਆਂਟਮ ਥਿਊਰੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੋਹੇਂ ਸੰਕਲਪਾਂ ਦੀਆਂ ਆਪਸੀ ਸੰਭਾਵਿਤ ਸਾਂਝਾਂ ਅਤੇ ਵਖਰੇਵਿਆਂ ਬਾਰੇ ਨੁਕਤੇ ਸਾਂਝੇ ਕੀਤੇ। ਮਹਾਤਮਾ ਬੁੱਧ ਵੱਲੋਂ ਵਿਪਸਨਾ ਦੇ ਸੰਕਲਪ ਦੀ ਵਰਤੋਂ ਅਤੇ ਇਸ ਦੇ ਸਰੂਪ ਬਾਰੇ ਗੱਲਾਂ ਕੀਤੀਆਂ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਹਿਮੇਂਦਰ ਭਾਰਤੀ ਨੇ ਕੀਤਾ। ਪੰਜ ਸਾਲਾ ਏਕੀਕ੍ਰਿਤ ਕੋਰਸਾਂ ਸੰਬੰਧੀ ਡੀਨ ਪ੍ਰੋ. ਸੰਜੀਵ ਪੁਰੀ ਨੇ ਸਵਾਗਤੀ ਸ਼ਬਦ ਬੋਲੇ ਅਤੇ ਧੰਨਵਾਦੀ ਭਾਸ਼ਣ ਡਾ. ਸ਼ਾਲਿਨੀ ਗੁਪਤਾ ਨੇ ਦਿੱਤਾ।