ਪਟਿਆਲਾ : ਜ਼ਿਲ੍ਹਾ ਸਵੀਪ ਟੀਮ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੋਟਰ ਵਜੋਂ ਭਾਗ ਲੈਣ ਦੀ ਅਪੀਲ ਕਰਦਿਆਂ ਵੋਟਰ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ 4 ਮਈ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਨੋਡਲ ਅਫ਼ਸਰ ਸਵੀਪ ਡਾ ਸਵਿੰਦਰ ਰੇਖੀ ਨੇ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਆਨਲਾਈਨ ਚੋਣ ਕਮਿਸ਼ਨ ਦੇ ਹੈਲਪ ਲਾਈਨ ਐਪ ਰਾਹੀਂ ਜਾਂ ਸਬੰਧਤ ਪੋਲਿੰਗ ਬੂਥ ਦੇ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਰਾਹੀਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨੌਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਕਾਲਜ ਕੈਂਪਸ ਅੰਦਰ ਵੋਟਰ ਜਾਗਰੂਕਤਾ, ਨੈਤਿਕ ਵੋਟਿੰਗ ਦਾ ਸੰਦੇਸ਼ ਅਤੇ ਚੋਣ ਕਮਿਸ਼ਨ ਦੀਆਂ ਆਨਲਾਈਨ ਐਪਸ ਦੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਥਾਵਾਂ ਤੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਟੀਮ ਨੇ ਕਾਲਜ ਦੇ ਅੰਦਰ ਕੇਂਦਰੀ ਆਨਲਾਈਨ ਦਾਖ਼ਲਾ ਸਿਖਲਾਈ ਵਿੱਚ ਭਾਗ ਲੈਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਵੀ ਉਪਰੋਕਤ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਡਾ ਸਵਿੰਦਰ ਰੇਖੀ ਨੋਡਲ ਅਫ਼ਸਰ ਸਵੀਪ, ਪ੍ਰੋ. ਨਵਜੋਤ ਸਿੰਘ ਪ੍ਰੋ. ਮੀਨਾਕਸ਼ੀ, ਸ੍ਰੀ ਮੋਹਿਤ ਕੌਸ਼ਲ, ਕਾਲਜ ਦੇ ਐਨਐਸਐਸ ਪ੍ਰੋਗਰਾਮ ਅਫ਼ਸਰ ਸੁਨੀਤਾ ਅਰੋੜਾ, ਮੋਨਿਕਾ, ਕਮਲਜੀਤ ਕੌਰ ਅਤੇ ਕਾਲਜ ਦੇ ਨੋਡਲ ਅਫ਼ਸਰ ਸਵੀਪ ਹਰਦੀਪ ਸਿੰਘ ਹਾਜ਼ਰ ਸਨ।