ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਲੋਕ ਪੰਜਾਬੀ ਯੂਨੀਵਰਸਿਟੀ ਦੇ ਨਾਲ਼ ਖੜ੍ਹੇ ਰਹਿਣਗੇ ਓਨਾ ਚਿਰ ਇਸ ਦਾ ਭਵਿੱਖ ਰੌਸ਼ਨ ਰਹੇਗਾ ਅਤੇ ਇਸ ਨੂੰ ਕੋਈ ਵੀ ਖਤਰਾ ਪੈਦਾ ਨਹੀਂ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੀ 10ਵੀਂ 'ਅਲੂਮਨੀ ਮੀਟ' ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਹੀ ਨਹੀਂ ਬਲਕਿ ਜਿੱਥੇ-ਜਿੱਥੇ ਵੀ ਪੰਜਾਬੀ ਬੋਲਦੇ ਲੋਕ ਵਸਦੇ ਹਨ, ਉਹ ਪੰਜਾਬ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਵਿਖੇ ਆਪਣੇ ਤਿੰਨ ਸਾਲ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਵਿਲੱਖਣ ਕਿਸਮ ਦੀ ਯੂਨੀਵਰਸਿਟੀ ਹੈ ਜੋ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਦਰਜਾਬੰਦੀਆਂ ਬਣਾਉਂਦੇ ਸਮੇਂ ਜੇ ਪੇਂਡੂ, ਲੜਕੀਆਂ, ਪੱਛੜੇ ਵਰਗਾਂ ਆਦਿ ਨੂੰ ਸਿੱਖਿਆ ਦੇਣ ਦਾ ਮਾਪਦੰਡ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਸੰਸਾਰ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਵਿੱਚ ਆਪਣੀ ਗੱਲ ਖੁੱਲ੍ਹ ਕੇ ਰੱਖਣ ਦੀ ਅਜ਼ਾਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੰਦੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਅਜਿਹੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਉਠਾਏ ਗਏ ਵੱਖ-ਵੱਖ ਕਦਮਾਂ ਦਾ ਜਿ਼ਕਰ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਧਾਉਣ ਲਈ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਹਾਲਤ ਵਿੱਚ ਹੋਏ ਸੁਧਾਰ ਦਾ ਹੀ ਨਤੀਜਾ ਹੈ ਕਿ ਇਸ ਵੇਲ਼ੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਬਕਾਇਆ ਨਹੀਂ।
ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸ੍ਰ. ਗੁਰਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ 1982 ਦੇ ਉਸ ਦੌਰ ਨੂੰ ਯਾਦ ਕੀਤਾ। ਉਹ ਉਸ ਸਮੇਂ ਕਾਨੂੰਨ ਵਿਭਾਗ ਦੇ ਵਿਦਿਆਰਥੀ ਵਜੋਂ ਕੈਂਪਸ ਵਿੱਚ ਵਿਚਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਵੀ ਹਾਂ ਇਸ ਯੂਨੀਵਰਸਿਟੀ ਦੀ ਬਦੌਲਤ ਹਾਂ। ਉਨ੍ਹਾਂ ਆਪਣੇ ਅਧਿਆਪਕ ਵੱਲੋਂ ਜਮਾਤ ਵਿੱਚ ਦਿੱਤੀਆਂ ਸੇਧਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਹੁਣ ਹਾਈ ਕੋਰਟ ਵਿੱਚ ਵਿਚਰਦਿਆਂ ਵੀ ਉਨ੍ਹਾਂ ਦੀਆਂ ਗੱਲਾਂ ਦੀ ਯਾਦ ਆਉਂਦੀ ਹੈ।ਉਨ੍ਹਾਂ ਆਪਣੇ ਕੈਰੀਅਰ ਬਾਰੇ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮਿਲੀ ਸਿੱਖਿਆ ਨੇ ਹਰ ਮੋੜ ਉੱਤੇ ਉਨ੍ਹਾਂ ਦੀ ਅਗਵਾਈ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮਿਲੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਕੈਰੀਅਰ ਵਿੱਚ ਹਮੇਸ਼ਾ ਹੀ ਸੱਚ ਵਾਲ਼ੇ ਪਾਸੇ ਖੜ੍ਹਨਾ ਸਿਖਾਇਆ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੁਰਜੀਤ ਪਾਤਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੀ ਡਿੱਕ-ਡੋਲੇ ਖਾਂਦੀ ਕਿਸ਼ਤੀ ਨੂੰ ਪਾਰ ਲਾਇਆ ਹੈ। ਇਹ ਸੁਖਦ ਅਹਿਸਾਸ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਹੁਣ ਸੁਖਾਵੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਡੇ ਲਈ ਤੀਰਥ ਸਥਾਨ ਵਾਂਗ ਹੈ। ਸਾਡੀਆਂ ਪ੍ਰਾਪਤੀਆਂ ਵਿੱਚ ਇਸ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਵੱਧ ਮਾਣ ਆਪਣੇ ਇਸ ਫ਼ੈਸਲੇ ਉੱਤੇ ਕਰਦੇ ਹਨ ਕਿ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਯੂਨੀਵਰਸਿਟੀ ਨੂੰ ਗਿਆਨ ਦੀ ਜੋਤ ਵਾਂਗ ਵੇਖਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲ਼ੇ ਉਦਾਸ ਹੈ। ਜੇ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲ ਲਵਾਂਗੇ ਤਾਂ ਪੰਜਾਬ ਨੂੰ ਵੀ ਬਚਾ ਲਵਾਂਗੇ।
ਵਿਸ਼ੇਸ਼ ਮਹਿਮਾਨ ਸ੍ਰ. ਹਰਚਰਨ ਸਿੰਘ ਭੁੱਲਰ, ਆਈ. ਪੀ. ਐੱਸ. ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਸੁਣ ਕੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਾਨੂੰਨ ਵਿਭਾਗ ਵਿਚਲੇ ਅਧਿਆਪਕ ਵੱਲੋਂ ਦਿੱਤੇ ਗਏ ਕਾਮਯਾਬੀ ਦੇ ਮੰਤਰ ਅਤੇ ਸੇਧ ਨੂੰ ਯਾਦ ਕੀਤਾ। ਉਨ੍ਹਾਂ ਨਵੇਂ ਵਿਦਿਆਰਥੀਆਂ ਨੂੰ ਪੁਰਾਣਿਆਂ ਨਾਲ਼ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ। ਡੀਨ ਅਲੂਮਨੀ ਡਾ. ਗੁਰਮੁਖ ਸਿੰਘ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਸਮੂਹ ਵਿਦਿਆਰਥੀਆਂ ਨੂੰ ਅਲੂਮਨੀ ਨਾਲ਼ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਸ ਵਿੱਚ ਤਾਲਮੇਲ ਰੱਖ ਕੇ ਵਿਦਿਆਰਥੀ ਇੱਕ ਦੂਜੇ ਦੀ ਤਾਕਤ ਬਣ ਸਕਦੇ ਹਨ ਅਤੇ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵਿਚਰਦਿਆਂ ਇੱਕ ਦੂਜੇ ਦੀ ਧਿਰ ਬਣ ਸਕਦੇ ਹਨ। ਇਸ ਮੌਕੇ ਸਨਮਾਨਿਤ ਕੀਤੀਆਂ ਗਈਆਂ 12 ਸ਼ਖ਼ਸੀਅਤਾਂ ਵਿੱਚ ਛੋਟੀ ਉਮਰ ਵਿੱਚ ਸਰਪੰਚ ਬਣੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਸੈਸ਼ਨਦੀਪ ਕੌਰ, ਕੌਮਾਂਤਰੀ ਪੱਧਰ ਉੱਤੇ ਪ੍ਰਾਪਤੀਆਂ ਕਰਨ ਵਾਲ਼ੇ ਪੈਰਾ ਤੀਰਅੰਦਾਜ਼ ਹਰਵਿੰਦਰ ਸਿੰਘ, ਡਾ. ਅਸ਼ੋਕ ਕੁਮਾਰ ਪਾਹੁਲ, ਸੰਜੀਵ ਕੁਮਾਰ ਗਰਗ, ਡਾ. ਜਗਦੀਪ ਸਿੰਘ, ਡਾ. ਸਵਰਾਜ ਰਾਜ, ਇੰਜ. ਹਰਪ੍ਰੀਤ ਸਿੰਘ, ਸ਼ਹਿਨਾਜ਼ ਜੌਲੀ ਕੌੜਾ, ਡਾ. ਨੀਰਜਾ ਮਿੱਤਲ, ਡਾ. ਡੀ.ਪੀ. ਗੋਇਲ ਅਤੇ ਫ਼ਿਲਮ ਅਦਾਕਾਰ ਮਹਾਂਬੀਰ ਭੁੱਲਰ ਸ਼ਾਮਿਲ ਸਨ। ਇਸ ਮੌਕੇ ਸਾਬਕਾ ਵਿਦਿਆਰਥੀ ਸਭਾ 'ਅਲੂਮਨੀ ਮੀਟ' ਦੀ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਅਲੂਮਨੀ ਕੋਆਰਡੀਨੇਟਰ ਡਾ. ਅਵਨੀਤਪਾਲ ਸਿੰਘ ਨੇ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਭੰਗੜਾ ਅਤੇ ਕੁੱਝ ਹੋਰ ਸਭਿਆਚਾਰ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀਆਂ ਗਈਆਂ। ਇਸ ਉਪਰੰਤ ਸਾਰੇ ਸਾਬਕਾ ਵਿਦਿਆਰਥੀ ਆਪੋ ਆਪਣੇ ਸੰਬੰਧਤ ਵਿਭਾਗਾਂ ਵਿੱਚ ਗਏ ਜਿੱਥੇ ਉਨ੍ਹਾਂ ਆਪਣੇ ਜਮਾਤ ਕਮਰਿਆਂ ਵਿੱਚ ਵਿਚਰ ਕੇ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ।