ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਲਾ ਭਵਨ ਆਡੀਟੋਰੀਅਮ ਵਿਖੇ ਕਮੇਡੀ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਲਗਾਤਾਰ ਦੋ ਦਿਨ ਪੇਸ਼ ਕੀਤਾ। ਇਹ ਨਾਟਕ ਜਯਵਰਧਨ ਦੇ ਲਿਖੇ ਹਿੰਦੀ ਨਾਟਕ ‘ਹਾਏ ਹੈਂਡਸਮ’ ਦਾ ਪੰਜਾਬੀ ਰੂਪਾਂਤਰ ਹੈ। ਇਸ ਦਾ ਰੂਪਾਂਤਰ ਅਤੇ ਨਿਰਦੇਸ਼ਨ ਫਿਲਮਾਂ ਅਤੇ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਡਾ. ਲੱਖਾ ਲਹਿਰੀ ਵੱਲੋਂ ਕੀਤਾ ਗਿਆ। ਇਸ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਉਹਨਾਂ ਦਾ ਮਨ ਜਿੱਤ ਲਿਆ।ਨਾਟਕ ਵਿੱਚ ਅਜੋਕੇ ਦੌਰ ਦੇ ਗੰਭੀਰ ਮਸਲਿਆਂ ਨੂੰ ਹਲਕੇ-ਫੁਲਕੇ ਅੰਦਾਜ਼ ਵਿੱਚ ਪਰੋ ਕੇ ਪੇਸ਼ ਕੀਤਾ ਗਿਆ ਹੈ। ਨਵੀਂ ਪੀੜ੍ਹੀ ਨੂੰ ਆਪਣੇ ਕਰੀਅਰ ਨੂੰ ਬਣਾਉਣ ਦੀ ਲਾਲਸਾ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਕੇ ਆਪਣੇ ਮਾਪਿਆਂ ਨੂੰ ਅਣਗੌਲਿਆਂ ਕਰਕੇ ਇਕੱਲਤਾ ਦੀ ਅੱਗ ਵਿੱਚ ਝੋਕਣਾ, ਦੱਬੂ ਤੇ ਗੁਲਾਮ ਕਿਸਮ ਦੇ ਪਤੀ ਦਾ ਆਪਣੀ ਮਾਡਰਨ ਪਤਨੀ ਸਾਹਮਣੇ ਗਿੜ-ਗਿੜਾਉਣਾ, ਨੌਕਰ ਦਾ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਤੇ ਆਪਣਾ ਰਵੱਈਆ ਦਿਖਾਉਣਾ ਅਤੇ ਬਜ਼ੁਰਗਾਂ ਦਾ ਆਪਣੇ ਇਕੱਲੇਪਣ ਨੂੰ ਖਤਮ ਕਰਨ ਖਾਤਰ ਆਪਣੇ ਲਈ ਕਿਸੇ ਸਾਥੀ ਦੀ ਤਲਾਸ਼ ਕਰਨ ਵਰਗੀਆਂ ਸਥਿਤੀਆਂ, ਜਿੱਥੇ ਦਰਸ਼ਕਾਂ ਲਈ ਹੱਸਣ ਦਾ ਸਬੱਬ ਬਣੀਆਂ, ਉੱਥੇ ਹੀ ਸੋਚਣ ਲਈ ਮਜਬੂਰ ਵੀ ਕੀਤਾ। ਨਾਟਕ ਵਿੱਚ ਕਰਮਨ ਸਿੱਧੂ, ਬਹਾਰ ਗਰੋਵਰ, ਲਵਪ੍ਰੀਤ ਸਿੰਘ, ਟਾਪੁਰ ਸ਼ਰਮਾਂ, ਮਨਪ੍ਰੀਤ ਸਿੰਘ ਅਤੇ ਵਿਸ਼ਾਲ ਨੇ ਸਟੇਜ ਉੱਤੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ । ਉੱਤਮ ਦਰਾਲ ਵੱਲੋਂ ਕੀਤੀ ਲਾਈਟਿੰਗ ਨੇ ਨਾਟਕ ਦੇ ਮੂਡ ਅਤੇ ਗਤੀ ਨੂੰ ਬਣਾਈ ਰੱਖਿਆ।ਮਿਊਜ਼ਿਕ ਦਾ ਸੰਚਾਲਨ ਨੈਨਸੀ ਨੇ ਕੀਤਾ । ਸੈੱਟ ਪ੍ਰੋਪਰਟੀ ਦਾ ਜਿੰਮਾ ਦਮਨਪ੍ਰੀਤ ਦਾ ਸੀ। ਡਾ. ਲੱਖਾ ਲਹਿਰੀ ਨੇ ਕਿਹਾ ਕਿ ਇਸ ਨਾਟਕ ਦੀ ਸਫਲਤਾ ਲਈ ਥੀਏਟਰ ਅਤੇ ਫਿ਼ਲਮ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਵਧਾਈ ਦੇ ਪਾਤਰ ਹਨ। ਡਾ. ਸਤੀਸ਼ ਵਰਮਾ ਨੇ ਇਸ ਪੇਸ਼ਕਾਰੀ ਨੂੰ ਫਾਰਸ ਕਮੇਡੀ ਦਾ ਸ਼ਾਹਕਾਰ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਅਜੋਕੇ ਤਣਾਅ ਭਰੇ ਮਹੌਲ ਵਿੱਚ ਅਜਿਹੇ ਹਲਕੇ-ਫੁਲਕੇ ਨਾਟਕਾਂ ਦੀ ਸਮਾਜ ਨੂੰ ਲੋੜ ਹੈ। ਨਾਟਕ ਦੀ ਪੇਸ਼ਕਾਰੀ ਵੇਖਣ ਲਈ ਚੰਡੀਗੜ੍ਹ ਤੋਂ ਫਿ਼ਲਮੀ ਅਦਾਕਾਰ ਅਨੀਤਾ ਸ਼ਬਦੀਸ਼, ਗੁਰਿੰਦਰ ਮਕਨਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਪੇਸ਼ਕਾਰੀ ਦਾ ਖੂਬ ਆਨੰਦ ਮਾਣਿਆ। ਡਾ. ਕੁਲਦੀਪ ਦੀਪ, ਗੁਰਸੇਵਕ ਲੰਬੀ, ਕਿਰਪਾਲ ਕਜ਼ਾਕ, ਡਾ. ਕਮਲੇਸ਼ ਉਪੱਲ ਆਦਿ ਰੰਗਮੰਚ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲਗਵਾਈ। ਡਾ. ਇੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਸਵਾਗਤ ਤੇ ਧੰਨਵਾਦ ਕੀਤਾ।