ਪਟਿਆਲਾ : ਅੱਜ ਇੱਥੇ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਕਿਸੇ ਵੱਡੇ ਆਗੂ ਜਾਂ ਲੀਡਰ ਨੇ ਨਹੀਂ, ਬਲਕਿ ਪਾਰਟੀ ਦੇ ਟਕਸਾਲੀ ਵਲੰਟੀਅਰਾਂ ਤੋਂ ਕਰਵਾਇਆ ਗਿਆ। ਇਸ ਦੌਰਾਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਸ਼ਹਿਰ ਦੇ ਵਾਰਡ ਪ੍ਰਧਾਨ, ਬਲਾਕ ਪ੍ਰਧਾਨ, ਵਲੰਟੀਅਰ ਅਤੇ ਹੋਰ ਅਹੁਦੇਦਾਰ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਵਲੰਟੀਅਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਹੈ।
ਇਸ ਲਈ ਵਲੰਟੀਅਰਾਂ ਨੂੰ ਪਾਰਟੀ ਨੇ ਹਮੇਸ਼ਾ ਅੱਗੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਲੰਟੀਅਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਕੋਈ ਵੀ ਪਾਰਟੀ ਆਪਣੇ ਵਰਕਰਾਂ ਅਤੇ ਵਲੰਟੀਅਰਾਂ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਸੋਚ ਵਰਕਰ ਪੱਖੀ ਰਹੀ ਹੈ। ਇਸ ਕਰਕੇ ਪੰਜਾਬ ਵਿੱਚ 92 ਵਿਧਾਇਕ ਜਿੱਤੇ ਹਨ ਅਤੇ ਇਨ੍ਹਾਂ ’ਚੋਂ ਬਹੁਤੇ ਉਹ ਵਿਧਾਇਕ ਬਣੇ ਹਨ ਜੋ ਪਾਰਟੀ ਨਾਲ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਦਫਤਰ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਣਾਇਆ ਗਿਆ ਹੈ। ਇੱਥੇ ਹਰ ਸਮੇਂ ਇੱਕ ਵਿਅਕਤੀ ਮੌਜੂਦ ਰਹੇਗਾ, ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਤਤਪਰ ਰਹੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਮੇਰੇ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਮੈਂ ਵੀ ਜ਼ਿਆਦਾਤਰ ਆਮ ਲੋਕਾਂ ਨੂੰ ਇਸੇ ਦਫਤਰ ’ਚ ਉਪਲਬਧ ਹੋਵਾਂਗਾ। ਵਿਧਾਇਕ ਨੇ ਕਿਹਾ ਕਿ ਮੇਰੀ ਗ਼ੈਰਹਾਜ਼ਰੀ ਵਿੱਚ ਵੀ ਇਹ ਦਫਤਰ ਖੁੱਲਾ ਰਹੇਗਾ ਅਤੇ ਇਥੇ ਲੋਕਾਂ ਨੂੰ ਹਰ ਸਹੂਲਤ ਮਿਲੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਐਡਵੋਕੇਟ ਰਾਹੁਲ, ਪ੍ਰਿੰਸੀਪਲ ਜੇ.ਪੀ. ਸਿੰਘ ਹਲਕਾ ਕੋਆਰਡੀਨੇਟਰ, ਮੋਨਿਕਾ ਸ਼ਰਮਾ ਮਹਿਲਾ ਕੋਆਰਡੀਨੇਟਰ, ਜਗਮੋਹਨ ਸਿੰਘ ਕੋਆਰਡੀਨੇਟਰ, ਜਰਨੈਲ ਸਿੰਘ ਮਨੂੰ ਸੀਨੀਅਰ ਆਗੂ, ਬਲਾਕ ਪ੍ਰਧਾਨ ਹਰੀਸ਼ ਕਾਂਤ ਵਾਲੀਆ, ਜਗਤਾਰ ਜੱਗੀ, ਰਵੇਲ ਸਿੰਘ ਸਿੱਧੂ, ਰੂਬੀ ਭਾਟੀਆ, ਅਮਰਜੀਤ ਸਿੰਘ, ਸੁਸ਼ੀਲ ਮਿੱਡਾ, ਮੁਖਤਿਆਰ ਗਿੱਲ, ਵਿਜੇ ਕਨੋਜੀਆ, ਅਮਨ ਬਾਂਸਲ ਮੌਜੂਦ ਰਹੇ।