ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਆਪਣੇ ਘਰ ਵਾਂਗ ਹੀ ਲੱਗੀ ਹੈ ਅਤੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਸਣੇ ਸਾਰੇ ਵਰਗਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਦੇ ਕਾਰਨ ਹੀ ਉਹ ਯੂਨੀਵਰਸਿਟੀ ਵਿੱਚ ਆਪਣੀ ਭੂਮਿਕਾ ਨਿਭਾ ਸਕੇ ਹਨ। ਉਹ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਉਪਰੰਤ ਸਨਮਾਨ ਵਿੱਚ ਦਿੱਤੀ ਗਈ ਵਿਦਾਇਗੀ ਪਾਰਟੀ ਦੇ ਮੌਕੇ ਸੰਬੋਧਨ ਕਰ ਰਹੇ ਸਨ। ਪ੍ਰੋ. ਅਰਵਿੰਦ ਨੇ ਆਪਣੇ ਦਿਲੀ ਭਾਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਈ. ਆਈ. ਟੀ. ਚੇਨੱਈ ਜਿਹੇ ਦੇਸ਼ ਦੇ ਵੱਕਾਰੀ ਅਦਾਰੇ ਵਿੱਚ ਨੌਕਰੀ ਕਰਦਿਆਂ ਹਮੇਸ਼ਾ ਪੰਜਾਬ ਆਉਣ ਲਈ ਤਾਂਘਦੇ ਸਨ। ਇਸੇ ਖਿੱਚ ਕਾਰਨ ਹੀ ਉਹ ਆਇਸਰ ਮੋਹਾਲੀ ਆਏ ਸਨ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਸਾਲ ਬਿਤਾ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਹੀ ਮੁੜ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਬਹੁਤ ਹੀ ਵਿਲੱਖਣ ਕਿਸਮ ਦਾ ਅਦਾਰਾ ਹੈ ਜਿਸ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੇ ਉਨ੍ਹਾਂ ਨੂੰ ਹਰ ਮੁੱਦੇ ਉੱਤੇ ਬੇਬਾਕੀ ਨਾਲ਼ ਆਪਣੀ ਗੱਲ ਰੱਖਣ ਦਾ ਮੰਚ ਪ੍ਰਦਾਨ ਕੀਤਾ। ਇੱਥੇ ਵਿਚਰਦਿਆਂ ਉਨ੍ਹਾਂ ਖੁੱਲ੍ਹ ਕੇ ਨਵੀਂ ਸਿੱਖਿਆ ਨੀਤੀ, ਰੈਂਕਿੰਗ ਪ੍ਰਣਾਲ਼ੀਆਂ ਅਤੇ ਯੂ.ਜੀ.ਸੀ. ਵਰਗੇ ਅਦਾਰਿਆਂ ਦੀਆਂ ਖਾਮੀਆਂ ਬਾਰੇ ਨਿਰਭੈ ਹੋ ਕੇ ਬੋਲੇ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਾਨੂੰ ਬੇਬਾਕੀ ਨਾਲ਼ ਆਪਣੀ ਗੱਲ ਰੱਖਣਾ ਸਿਖਾਉਂਦੀ ਹੈ। ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਯੂਨੀਵਰਸਿਟੀ ਜਿਹੇ ਅਦਾਰੇ ਆਪਣੇ ਵਿੱਤੀ ਅਤੇ ਪ੍ਰਬੰਧਨੀ ਕਾਰਨਾਂ ਕਰ ਕੇ ਸਰਕਾਰਾਂ ਅਤੇ ਕੇਂਦਰੀ ਰੈਗੂਲੇਟਰੀ ਅਦਾਰਿਆਂ ਨਾਲ਼ ਜੁੜੇ ਹੁੰਦੇ ਹਨ ਪਰ ਇਨ੍ਹਾਂ ਅਦਾਰਿਆਂ ਨੂੰ ਆਪਣੀ ਅਕਾਦਮਿਕ ਅਜ਼ਾਦੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਪਾਠਕ੍ਰਮਾਂ ਦੇ ਨਿਰਧਾਰਣ ਤੋਂ ਲੈ ਕੇ ਹੋਰ ਵੱਖ-ਵੱਖ ਅਕਾਦਮਿਕ ਸਰਗਰਮੀਆਂ ਵਿੱਚ ਯੂਨਵਿਰਸਿਟੀਆਂ ਨੂੰ ਆਪਣੀ ਇਸ ਅਜ਼ਾਦੀ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਨੂੰ ਇਹੋ ਸਿਖਾਉਂਦੀ ਹੈ। ਨਾਲ਼ ਹੀ ਉਨ੍ਹਾਂ ਭਵਿੱਖ ਵਿੱਚ ਖੋਜ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗ਼ੈਰ-ਮਿਆਰੀ ਖੋਜ ਸਮਾਜ ਦਾ ਉਲਟਾ ਨੁਕਸਾਨ ਹੀ ਕਰਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਵਿੱਚ ਉਨ੍ਹਾਂ ਦੀ ਮਦਦ ਕੀਤੀ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰੋ. ਅਰਵਿੰਦ ਵੱਲੋਂ ਆਪਣੇ ਸ਼ਾਨਦਾਰ ਅਤੇ ਸਫਲ ਕਾਰਜਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਲਏ ਗਏ ਫ਼ੈਸਲਿਆਂ ਦੀ ਸ਼ਲਾਘਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਹ ਪ੍ਰੋ. ਅਰਵਿੰਦ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੈ ਕਿ ਉਹ ਸ਼ਾਨਾਮੱਤੇ ਢੰਗ ਨਾਲ਼ ਵਿਦਾਇਗੀ ਲੈ ਕੇ ਜਾ ਰਹੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਨੇ ਕਿਹਾ ਕਿ ਪ੍ਰੋ. ਅਰਵਿੰਦ ਨੇ ਹਰ ਕਦਮ ਉੱਤੇ ਪ੍ਰਬੰਧਨੀ ਅਤੇ ਅਕਾਦਮਿਕ ਕਾਰਜਾਂ ਵਿੱਚ ਉਨ੍ਹਾਂ ਨੂੰ ਸਹੀ ਅਗਵਾਈ ਵੀ ਦਿੱਤੀ ਅਤੇ ਖੁੱਲ੍ਹ ਕੇ ਕੰਮ ਕਰਨ ਅਤੇ ਢੁਕਵੇਂ ਫ਼ੈਸਲੇ ਲੈਣ ਦੀ ਅਜ਼ਾਦੀ ਦਿੱਤੀ। ਡੀਨ ਖੋਜ ਡਾ. ਮਨਜੀਤ ਪਾਤਰ ਨੇ ਕਿਹਾ ਕਿ ਪ੍ਰੋ. ਅਰਵਿੰਦ ਫ਼ੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਸਮਰੱਥ ਸ਼ਖ਼ਸੀਅਤ ਸਨ ਜਿਸ ਨਾਲ਼ ਯੂਨੀਵਰਸਿਟੀ ਨੂੰ ਸਹੀ ਸੇਧ ਮਿਲੀ। ਡੀਨ ਭਾਸ਼ਾਵਾਂ ਪ੍ਰੋ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਪ੍ਰੋ. ਅਰਵਿੰਦ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦਿੱਤਾ ਅਤੇ ਯੂਨਵਿਰਸਟਿੀ ਵਿੱਚ ਵੱਖ-ਵੱਖ ਵਿਸਿ਼ਆਂ ਅਤੇ ਅਨੁਸ਼ਾਸਨਾਂ ਦੀ ਆਪਸੀ ਸਾਂਝੇਦਾਰੀ ਨੂੰ ਵਧਾਉਣ ਦਾ ਸਫਲ ਕਾਰਜ ਕੀਤਾ। ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਸੰਜੀਵ ਪੁਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਪ੍ਰੋ. ਅਰਵਿੰਦ ਨੇ ਇਨ੍ਹਾਂ ਵਿਲੱਖਣ ਕਿਸਮ ਦੇ ਕੋਰਸਾਂ ਨੂੰ ਸ਼ੁਰੂ ਕਰਨ ਦਾ ਸੁਪਨਾ ਲਿਆ ਅਤੇ ਪੂਰਾ ਕਰ ਕੇ ਵਿਖਾਇਆ।
ਡੀਨ ਅਲੂਮਨੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਪ੍ਰੋ. ਅਰਵਿੰਦ ਵਿਗਿਆਨ ਅਤੇ ਸਾਹਿਤ ਦੇ ਦਰਮਿਆਨ ਇੱਕ ਪੁਲ਼ ਬਣ ਕੇ ਵਿਚਰੇ। ਡਾ. ਉਮਰਾਉ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਪ੍ਰੋ. ਅਰਵਿੰਦ ਵੱਲੋਂ ਨੈਕ ਟੀਮ ਦੀ ਫੇਰੀ ਸਮੇਂ ਕੀਤੀ ਗਈ ਤਿਆਰੀ ਵਿੱਚ ਉਨ੍ਹਾਂ ਦੀ ਅਗਵਾਈ ਅਤੇ ਅਜ਼ਾਦ ਫੈਸਲੇ ਲੈਣ ਸੰਬੰਧੀ ਦਿੱਤੀ ਖੁੱਲ੍ਹ ਬਾਰੇ ਜਿ਼ਕਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਰਤੀ ਸੈਨਾ ਨਾਲ਼ ਸੰਬੰਧਤ ਇੱਕ ਸੰਸਥਾ ਨਾਲ਼ ਕੀਤੇ ਗਏ ਇਕਰਾਰਨਾਮੇ ਤਹਿਤ ਪ੍ਰੋ. ਅਰਵਿੰਦ ਨੇ ਜੋ ਸੁਰੱਖਿਅਤ ਸੰਚਾਰ ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ ਸੀ ਉਸ ਭਾਸ਼ਣ ਉਪਰੰਤ ਕਿਸ ਤਰ੍ਹਾਂ ਦੇਸ ਪੱਧਰ ਉੱਤੇ ਚਰਚਾ ਛਿੜ ਗਈ ਸੀ। ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਪ੍ਰੋ. ਅਰਵਿੰਦ ਨੇ ਜਨਤਕ ਅਦਾਰਿਆਂ ਦੇ ਅਸਲ ਮੰਤਵ ਨੂੰ ਪਹਿਚਾਣਦਿਆਂ ਅਦਾਰੇ ਅਤੇ ਸਮਾਜ ਵਿੱਚ ਇੱਕ ਜੀਵੰਤ ਰਾਬਤਾ ਕਾਇਮ ਕਰਨ ਦਾ ਕਾਰਜ ਕੀਤਾ ਹੈ। ਸਾਬਕਾ ਡੀਨ ਅਕਾਦਮਿਕ ਪ੍ਰੋ. ਬੀ. ਐੱਸ. ਸੰਧੂ, ਕਾਨੂੰਨ ਵਿਭਾਗ ਤੋਂ ਡਾ. ਮੋਨਿਕਾ ਚਾਵਲਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਤੋਂ ਡਾ. ਸੁਰਿੰਦਰ ਮੰਡ ਨੇ ਵੀ ਪ੍ਰੋ. ਅਰਵਿੰਦ ਦੇ ਕੰਮ-ਕਾਜ ਦੀ ਸ਼ਲਾਘਾ ਕੀਤੀ। ਇਸ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਵੀ ਮੌਜੂਦ ਸਨ। ਗ਼ੈਰ-ਅਧਿਆਪਨ ਜਥੇਬੰਦੀਆਂ ਦੇ ਪ੍ਰਧਾਨ ਰਾਜਿੰਦਰ ਬਾਗੜੀਆਂ ਅਤੇ ਗੁਰਿੰਦਰਪਾਲ ਬੱਬੀ ਵੱਲੋਂ ਪ੍ਰੋ. ਅਰਵਿੰਦ ਦੁਆਰਾ ਮੁਲਾਜ਼ਮਾਂ ਪ੍ਰਤੀ ਵਿਖਾਈ ਗਈ ਉਦਾਰਤਾ ਵਾਸਤੇ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋ. ਅਰਵਿੰਦ ਨੇ ਮੁਲਾਜ਼ਮਾਂ ਦੇ ਹਰੇਕ ਕੰਮ ਨੂੰ ਪਹਿਲ ਦੇ ਅਧਾਰ ਉੱਤੇ ਕੀਤਾ ਹੈ। ਪੰਜਾਬੀ ਵਿਕਾਸ ਵਿਭਾਗ ਦੀ ਮੁਖੀ ਡਾ. ਪਰਮਿੰਦਰਜੀਤ ਦੀ ਅਗਵਾਈ ਵਿੱਚ ਇਸ ਵਿਭਾਗ ਦੇ ਕਰਮਚਾਰੀਆਂ ਅਤੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨੇ ਪ੍ਰੋ. ਅਰਵਿੰਦ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਡੀਨ, ਡਾਇਰੈਕਟਰ, ਅਧਿਆਪਕ ਅਤੇ ਕਰਮਚਾਰੀ ਮੌਜੂਦ ਸਨ।