ਫ਼ਤਹਿਗੜ੍ਹ ਸਾਹਿਬ : ਜਮਹੂਰੀਅਤ ਦੀ ਮਜ਼ਬੂਤੀ ਲਈ ਹਰ ਇਕ ਵੋਟਰ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਹੈ ਤੇ ਸਵੀਪ ਪ੍ਰੋਗਰਾਮ ਤਹਿਤ ਵੋਟ ਪਾਉਣ ਦਾ ਸੁਨੇਹਾ ਘਰ-ਘਰ ਪੁੱਜਦਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀਆਂ ਹਦਾਇਤਾਂ ਮੁਤਾਬਕ ਵੱਖੋ-ਵੱਖ ਫ਼ਲਾਂ ਨੂੰ ਲੋਕਾਂ ਨੂੰ ਵੋਟ ਪਾਉਣ ਦਾ ਸੱਦਾ ਦੇਣ ਦਾ ਸਾਧਨ ਬਣਾਇਆ ਗਿਆ ਹੈ। ਇਸ ਵਿਲੱਖਣ ਉਪਰਾਲੇ ਤਹਿਤ ਨਾਰੀਅਲ, ਖਰਬੂਜੇ ਤੇ ਤਰਬੂਜ਼ਾਂ ਉੱਤੇ ਵੋਟ ਪਾਉਣ ਦਾ ਸੱਦਾ ਦਿੰਦੇ ਸਟਿੱਕਰ ਲਾਏ ਗਏ ਹਨ। ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ ਨੇੜੇ ਇਸ ਮੁਹਿੰਮ ਦੀ ਸ਼ੁਰੂਆਤ ਤਹਿਤ ਜਾਗਰੂਕਤਾ ਸਟਿੱਕਰ ਲੱਗੇ ਨਾਰੀਅਲ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਗਾਹਕਾਂ ਨੂੰ ਸੌਂਪੇ ਗਏ ਤੇ ਵੋਟ ਪਾਉਣ ਦੀ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ਼੍ਰੀਮਤੀ ਸੇਰਗਿੱਲ ਨੇ ਕਿਹਾ ਕਿ ਗਰਮੀਆਂ ਸ਼ੁਰੂ ਹੋ ਗਈਆਂ ਹਨ ਤੇ ਲੋਕਾਂ ਵੱਲੋਂ ਨਾਰੀਅਲ, ਖਰਬੂਜੇ ਤੇ ਤਰਬੂਜ਼ਾਂ ਦੀ ਵੱਧ ਚੜ੍ਹ ਕੇ ਵਰਤੋਂ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਹੀ ਇਹਨਾਂ ਉੱਪਰ ਵੋਟ ਪਾਉਣ ਦਾ ਸੱਦਾ ਦਿੰਦੇ ਸਟਿੱਕਰ ਲਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਵੋਟ ਪਾਉਣ ਦਾ ਸੱਦਾ ਘਰ ਘਰ ਪੁੱਜ ਸਕੇ।
ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਹਿਤ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਸਵੀਪ ਪ੍ਰੋਗਰਾਮ ਤਹਿਤ ਵੱਖੋ ਵੱਖ ਗਤੀਵਿਧੀਆਂ ਜਾਰੀ ਹਨ। ਸਕੂਲ ਤੇ ਕਾਲਜ ਵਿਦਿਆਰਥੀਆਂ ਰਾਹੀਂ ਉਹਨਾਂ ਦੇ ਮਾਪਿਆਂ ਤੇ ਜਾਣਕਾਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ ਹੈ ਕਿਉਂਕਿ ਵੋਟ ਦਾ ਸਹੀ ਇਸਤੇਮਾਲ ਕਰ ਕੇ ਹੀ ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਇਸ਼ਾ ਸਿੰਗਲ, ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਕਮ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਜੋਬਨਦੀਪ ਕੌਰ, ਕਾਰਜਸਾਧਕ ਅਫ਼ਸਰ ਸੰਗੀਤ ਆਹਲੂਵਾਲੀਆ, ਸਮੇਤ ਵੱਖੋ ਵੱਖ ਅਧਿਕਾਰੀ ਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।