ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਅੱਜ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਪੰਜਾਬ ਇਤਿਹਾਸ ਕਾਨਫਰੰਸ ਦਾ 54ਵਾਂ ਸੈਸ਼ਨ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਪੰਜਾਬ, ਦਿੱਲੀ, ਜੰਮੂ, ਹਿਮਾਚਲ ਪ੍ਰਦੇਸ਼ ਆਦਿ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਡੈਲੀਗੇਟ ਸ਼ਾਮਲ ਹੋ ਰਹੇ ਹਨ। ਇਤਿਹਾਸ ਅਤੇ ਪੰਜਾਬ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰੋ. ਮ੍ਰਿਦੁਲਾ ਮੁਖਰਜੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਪ੍ਰੋ. ਮ੍ਰਿਦੁਲਾ ਮੁਖਰਜੀ ਨੇ ਆਪਣੇ ਸੰਬੋਧਨ ਵਿੱਚ ਕਿਸਾਨ ਅੰਦੋਲਨ ਦੀਆਂ ਵੱਖ ਵੱਖ ਪਰਤਾਂ ਬਾਰੇ ਇਤਿਹਾਸ ਦੇ ਹਵਾਲੇ ਤੋਂ ਆਪਣੇ ਵਿਚਾਰ ਪ੍ਰਗਟਾਏ ਅਤੇ ਅਹਿਮ ਟਿੱਪਣੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਪਿਛਲੀਆਂ ਕਿਸਾਨ ਲਹਿਰਾਂ ਤੋਂ ਸਬਕ ਲੈ ਕੇ ਸਮਕਾਲੀ ਕਿਸਾਨ ਲਹਿਰਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਡੀਨ ਸੋਸ਼ਲ ਸਾਇੰਸਜ਼ ਪ੍ਰੋ. ਧਰਮਪਾਲ ਸਿੰਘ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਕਾਨਫਰੰਸ ਦੇ ਵਿਸ਼ੇ ਬਾਰੇ ਜਾਣੂ ਕਰਵਾਇਆ। ਪੰਜਾਬ ਇਤਿਹਾਸ ਕਾਨਫ਼ਰੰਸ ਦੇ ਇਸ 53ਵੇਂ ਸੈਸ਼ਨ ਦੀ ਕਾਰਵਾਈ ਦੌਰਾਨ ਡਾ. ਸੰਦੀਪ ਕੌਰ ਦੀ ਪੁਸਤਕ ‘ਅਲੈਕਰੀਟੀ ਐਂਡ ਲੌਇਲਟੀ: ਕੰਟਰੀਬਿਊਸ਼ਨ ਆਫ਼ ਦਾ ਸਿੱਖ ਰੂਲਰਸ ਇਨ ਦਿ ਗ੍ਰੇਟ ਵਾਰ (1914-1918)’ ਰਿਲੀਜ਼ ਕੀਤੀ ਗਈ। ਧੰਨਵਾਦੀ ਸ਼ਬਦ ਡਾ. ਬਲਰਾਜ ਸਿੰਘ ਵੱਲੋਂ ਬੋਲੇ ਗਏ। ਉਦਘਾਟਨੀ ਸੈਸ਼ਨ ਦਾ ਸੰਚਾਲਨ ਡਾ. ਪਰਨੀਤ ਕੌਰ ਢਿੱਲੋਂ ਨੇ ਕੀਤਾ।