ਸੱਤ ਸੌ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਹੈ ਭਾਜਪਾ
ਨਾਭਾ : ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋ ਉਮੀਦਵਾਰ ਬਣੀ ਪ੍ਰਨੀਤ ਕੌਰ ਨੂੰ ਕਿਸਾਨਾਂ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਹੈ ਕਿ ਉਹ ਜਨਤਕ ਮੰਚ 'ਤੇ ਆ ਕੇ ਦੱਸਣ ਕਿ ਕਾਂਗਰਸ ਦੀ ਸਰਕਾਰ ’ਚ ਪਟਿਆਲਾ ਤੋਂ ਸਾਂਸਦ ਬਣਕੇ ਕੇਂਦਰ ’ਚ ਮੰਤਰੀ ਰਹਿੰਦਿਆਂ ਇਲਾਕੇ ਦੇ ਕਿਸਾਨਾਂ ਲਈ ਕਿਹੜਾ ਪ੍ਰੋਜੈਕਟ ਲੈ ਕੇ ਆਈ ਸਨ।
ਐਨ.ਕੇ. ਸ਼ਰਮਾ ਅੱਜ ਚੋਣ ਪ੍ਰਚਾਰ ਮੁਹਿੰਮ ਦੇ ਤਹਿਤ ਨਾਭਾ ਹਲਕੇ ਦੇ ਪਿੰਡਾਂ ਵਿੱਚ ਚੋਣ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਪਟਿਆਲਾ ਤੋਂ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੀ ਹਨ। ਉਹ ਕੇਂਦਰ ਵਿੱਚ ਮੰਤਰੀ ਵੀ ਰਹਿ ਚੁੱਕੀ ਹਨ। ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਪ੍ਰਨੀਤ ਕੌਰ ਅੱਜ ਕਿਸਾਨ ਸਮਰਥਕ ਹੋਣ ਦਾ ਦਾਅਵਾ ਕਰ ਰਹੀ ਹਨ, ਪਰ ਉਹ ਦੱਸਣ ਕਿ ਉਨ੍ਹਾਂ ਕਾਂਗਰਸ ਵਿੱਚ ਰਹਿੰਦਿਆਂ ਕਿਸਾਨਾਂ ਲਈ ਕੀ ਕੀਤਾ।
ਪ੍ਰਨੀਤ ਕੌਰ ਹੁਣ ਜਿਸ ਪਾਰਟੀ ਭਾਜਪਾ ਦੇ ਨਾਮ 'ਤੇ ਵੋਟ ਮੰਗ ਰਹੀ ਹਨ, ਉਹ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਹੈ। ਭਾਜਪਾ ਦੀਆਂ ਨੀਤੀਆਂ ਕਾਰਨ ਅੱਜ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਭਾਜਪਾ ਦੇ ਮੱਥੇ ’ਤੇ ਸੱਤ ਸੌ ਕਿਸਾਨਾਂ ਦੀ ਮੌਤ ਦਾ ਕਲੰਕ ਹੈ। ਅੱਜ ਵੀ ਪੰਜਾਬ ਦੇ ਹਜ਼ਾਰਾਂ ਕਿਸਾਨ ਭਾਜਪਾ ਕਾਰਨ ਸ਼ੰਭੂ ਬਾਰਡਰ 'ਤੇ ਬੈਠੇ ਹਨ। ਪਟਿਆਲਾ ਵਿੱਚ ਉੱਤਰੀ ਬਾਈਪਾਸ ਦੀ ਉਸਾਰੀ ਦੇ ਮਾਮਲੇ ਵਿੱਚ ਪਟਿਆਲਾ ਹਲਕੇ ਦੇ ਸੈਂਕੜੇ ਕਿਸਾਨਾਂ ਦੇ ਹਿੱਤਾਂ ਨਾਲ ਬੇਇਨਸਾਫ਼ੀ ਹੋਈ ਹੈ। ਪ੍ਰਨੀਤ ਕੌਰ ਦੀ ਕਾਰਜਸ਼ੈਲੀ ਹਮੇਸ਼ਾ ਕਿਸਾਨ ਵਿਰੋਧੀ ਰਹੀ ਹੈ।
ਐਨ.ਕੇ.ਸ਼ਰਮਾ ਨੇ ਪਿੰਡ ਵਾਸੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸ ਮੌਕੇ ਜਥੇਦਾਰ ਅੰਮ੍ਰਿਤ ਸਿੰਘ, ਗੁਰਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।