ਸੁਨਾਮ : ਸੁਨਾਮ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਕਬੂਲ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਮੁਨੀਸ਼ ਸੋਨੀ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ। ਦੱਸਣਯੋਗ ਹੈ ਕਿ ਮੁਨੀਸ਼ ਸੋਨੀ ਦੀ ਪਤਨੀ ਦੀਪਿਕਾ ਗੋਇਲ ਸੁਨਾਮ ਦੇ ਵਾਰਡ 16 ਤੋਂ ਨਗਰ ਕੌਂਸਲਰ ਹੈ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਨਗਰ ਕੌਂਸਲ ਵਿੱਚ ਵੀ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਹੈ। ਮੁਨੀਸ਼ ਸੋਨੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਂਗਰਸ ਨਾਲ ਜੁੜੇ ਰਹੇ ਅਤੇ ਕਾਂਗਰਸ ਲਈ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ। ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁਨੀਸ਼ ਸੋਨੀ ਨਗਰ ਕੌਂਸਲ ਦੇ ਚੇਅਰਮੈਨ ਨਿਸ਼ਾਨ ਸਿੰਘ ਟੋਨੀ ਦੀ ਪ੍ਰੇਰਨਾ ’ਤੇ ਉਨ੍ਹਾਂ ਨਾਲ ਆਏ ਹਨ। ਇਸ ਤੋਂ ਪਹਿਲਾਂ ਵੀ ਮੁਨੀਸ਼ ਸੋਨੀ ਨਾਲ ਉਸ ਦੇ ਨਜ਼ਦੀਕੀ ਸਬੰਧ ਸਨ। ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਮੁਨੀਸ਼ ਸੋਨੀ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੰਦਰਾ ਬਸਤੀ ਵਿੱਚ ਲੰਮੇ ਸਮੇਂ ਤੋਂ ਲਟਕਦੇ ਕਈ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਰੇਲਵੇ ਦੀਵਾਰ ਨੂੰ ਪਿੱਛੇ ਹਟਾਕੇ ਸੜਕ ਨੂੰ ਚੌੜਾ ਕਰਨ ਦਾ ਪ੍ਰਾਜੈਕਟ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਪ੍ਰਾਜੈਕਟ ਨੂੰ ਰੇਲਵੇ ਵੱਲੋਂ ਮਨਜ਼ੂਰੀ ਦੇਕੇ ਕੰਧ ਕੱਢਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਸੋਨੀ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਸ਼ਹਿਰ ਦੇ ਵਿਕਾਸ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੀ ਅਗਵਾਈ ਹੇਠ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਨਗਰ ਕੌਂਸਲ ਦੇ ਚੇਅਰਮੈਨ ਨਿਸ਼ਾਨ ਸਿੰਘ ਟੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।