ਅੰਬਾਲਾ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨ (ਮੰਗਲਵਾਰ) ਉਤਰਾਖੰਡ ਦੇ ਹਰਿਆਦੁਾਰ ਤੋਂ ਸਮਾਲਖਾ ਕਾਂਗਰਸ ਦੇ ਵਿਧਾਇਕ ਧਰਮ ਸਿੰਘ ਛਾਊਕਰ ਦੇ ਪੁੱਤਰ ਸਿਕੰਦਰ ਸਿੰਘ ਨੂੰ ਘਰ ਖ਼ਰੀਦਦਾਰਾਂ ਦੇ ਪੈਸੇ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਬੂ ਕਰ ਲਿਆ ਹੈ। ਈਡੀ ਅਧਿਕਾਰੀਆਂ ਅਨੁਸਾਰ ਸਿਕੰਦਰ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਵਿਧਾਇਕ ਧਰਮ ਸਿੰਘ ਛਾਊਕਰ, ਉਨ੍ਹਾਂ ਦੇ ਪੁੱਤਰ ਸਿਕੰਦਰ ਸਿੰਘ ਅਤੇ ਵਿਕਾਸ ਛਾਊਕਰ ਮਾਹਿਰਾ ਰਿਆਲ ਅਸਟੇਟ ਗਰੁੱਪ ਦੇ ਮਾਲਕ ਅਤੇ ਪ੍ਰਮੋਟਰ ਹਨ। ਸਾਈ ਆਈਨਾ ਫ਼ਾਰਮਜ਼ ਪ੍ਰਾਈਵੇਟ ਲਿਮਟਿਡ ਦੇ ਮਕਾਨਾਂ ਦੇ ਬਦਲੇ 1,497 ਲੋਕਾਂ ਤੋਂ 360 ਕਰੋੜ ਰੁਪਏ ਪ੍ਰਾਪਤ ਕੀਤੇ ਸਨ। ਇਨ੍ਹਾਂ ਲੋਕਾਂ ਨੂੰ ਦਿੱਲੀ ਨੇੜੇ ਗੁਰੂਗਰਾਮ ਦੇ ਸੈਕਟਰ 68 ਵਿੱਚ ਮਕਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਫ਼ਰਮ ਮਕਾਨ ਦੇਣ ਵਿੱਚ ਅਸਫ਼ਲ ਰਹੀ। ਗੁਰੂਗ੍ਰਾਮ ਵਿੱਚ ਸਾਈ ਆਇਨਾ ਫ਼ਾਰਮਰਜ਼ ਪ੍ਰਾਈਵੇਟ ਲਿਮਟਿਡ ਵਿਰੁਧ ਧੋਖਾਧੜੀ ਅਤੇ ਜਾਅਲਸ਼ਾਜੀ ਦੀਆਂ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ। ਇਸੇ ਐਫ਼ਆਈਆਰ ਦੇ ਆਧਾਰ ਤੇ ਈਡੀ ਨੇ ਪਿਛਲੇ ਸਾਲ ਜੁਲਾਈ ਵਿੱਚ ਵਿਧਾਇਕ ਦੀ ਰਿਹਾਇਸ਼, ਸਾਈ ਆਇਨਾ ਫ਼ਾਰਮਜ਼ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ, ਮਾਹਿਰਾ ਗਰੁੱਪ ਦੀਆਂ ਹੋਰ ਕੰਪਨੀਆਂ ਅਤੇ ਕੁਝ ਹੋਰ ਜਗ੍ਹਾਵਾਂ ’ਤੇ ਛਾਪੇਮਾਰੀ ਕੀਤੀ ਸੀ। ਈਡੀ ਮੁਤਾਬਿਕ ਘਰ ਖਰੀਦਦਾਰ ਪਿਛਲੇ ਇਕ ਸਾਲ ਤੋਂ ਮਾਹਿਰਾ ਗਰੁੱਪ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਜਲਦੀ ਤੋਂ ਜਲਦੀ ਮਕਾਨ ਦੇਣ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿਧਾਇਕ ਧਰਮ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਸਹਾਰਾ ਲਿਆ ਸੀ।