ਸੁਨਾਮ : ਕਰੀਬ ਢਾਈ ਸਾਲ ਦੇ ਅਰਸੇ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਮਿਲਕ ਪਲਾਂਟ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਆਪਣੀ ਮਾਂ ਪਾਰਟੀ ਵਿੱਚ ਘਰ ਵਾਪਸੀ ਕਰਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਕਾਂਗਰਸੀ ਰਿਹਾ ਹੈ। ਰਾਜਾ ਬੀਰਕਲਾਂ ਦੀ ਘਰ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਘਰ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਆਮਦ ਮੁੜ ਵਧ ਗਈ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ਤੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵਧਾਈ ਦੇਣ ਆਉਣ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਉਹ ਕਰੀਬ ਦੋ ਦਹਾਕਿਆਂ ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਵਿੱਚ ਕਾਰਜਸ਼ੀਲ ਰਹੇ ਹਨ, ਕੈਪਟਨ ਵੱਲੋਂ ਗਠਿਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਤਾਂ ਮੈਂ ਉਨ੍ਹਾਂ ਨਾਲ ਨਾ ਜਾਕੇ ਘਰ ਬੈਠ ਗਿਆ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਦਾ ਖਾਸ ਕਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਕਾ ਰਣਦੀਪ ਸਿੰਘ ਨਾਭਾ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੈਨੂੰ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਕੇ ਆਪਣੀ ਮਾਂ ਪਾਰਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ। ਇਸ ਮੌਕੇ ਸ਼ਕਤੀ ਜੀਤ, ਆਸ਼ੂ ਕੁਮਾਰ, ਸੰਤੋਸ਼ ਕੁਮਾਰੀ, ਗਗਨਦੀਪ, ਜਸਵੰਤ ਸਿੰਘ ਭੰਮ, ਮੈਨੇਜਰ ਚੰਦ ਸਿੰਘ ਫੱਗੂਵਾਲਾ, ਬਲਦੇਵ ਭੋਲਾ, ਦੀਪਕ ਕੁਮਾਰ, ਸਾਬਕਾ ਕੌਂਸਲਰ ਜਗਜੀਤ ਸਿੰਘ ਦਰਦੀ, ਜਸਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।