ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਨਾਲ ਜੋੜਨ ਲਈ ਰੋਜ਼ਾਨਾਂ ਯੂ-ਟਿਊਬ ਚੈਨਲ ਤੇ ਦਿਨ ਵਿੱਚ ਦੋ ਵਾਰੀ ਕੀਤਾ ਜਾਂਦਾ ਹੈ ਯੋਗਾ ਦਾ ਸਿੱਧਾ ਪ੍ਰਸਾਰਣ
ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ 10ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਪੋਸਟਰ ਕੀਤਾ ਜਾਰੀ
ਫ਼ਤਹਿਗੜ੍ਹ ਸਾਹਿਬ : ਯੋਗਾ ਇੱਕ ਪੁਰਾਤਨ ਵਿਧੀ ਹੈ ਜਿਸ ਨੂੰ ਅਪਣਾ ਕੇ ਅਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਹੁੰਦੇ ਹਾਂ, ਇਸ ਲਈ ਸਾਨੂੰ ਸਾਰਿਆਂ ਨੂੰ ਯੋਗਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੂਰਵੈਦਿਕ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਨਾਏ ਜਾ ਰਹੇ 10ਵੇਂ ਅੰਤਰ-ਰਾਸ਼ਟਰੀ ਯੋਗਾ ਦਿਵਸ ਦਾ ਪੋਸਟਰ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਆਫ ਆਯੂਰਵੈਦਿਕ ਪੰਜਾਬ ਦੇ ਸਹਿਯੋਗ ਨਾਲ ਮਨਾਏ ਜਾ ਰਹੇ 10ਵੇਂ ਅੰਤਰ-ਰਾਸ਼ਟਰੀ ਦਿਵਸ ਦਾ ਇਸ ਵਾਰ ਥੀਮ ਮਹਿਲਾ ਸ਼ਸ਼ਕਤੀਕਰਨ ਰੱਖਿਆ ਗਿਆ ਹੈ ਤਾਂ ਜੋ ਔਰਤਾਂ ਨੂੰ ਯੋਗਾ ਨਾਲ ਵੱਧ ਤੋਂ ਵੱਧ ਜੋੜ ਕੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਪੱਧਰ ਤੇ ਮਜਬੂਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਇਰੈਕਟਰੋਟ ਆਫ ਆਯੂਰਵੇਦਾ ਪੰਜਾਬ ਦੇ ਯੂ-ਟਿਊਬ ਚੈਨਲ ਤੇ ਦਿਨ ਵਿੱਚ ਦੋ ਵਾਰ ਯੋਗਾ ਦਾ ਲਾਇਵ ਸੈਸ਼ਨ ਪ੍ਰਸਾਰਿਤ ਕੀਤਾ ਜਾਂਦਾ ਹੈ ਤਾਂ ਜੋ ਯੋਗਾ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਯੋਗਾ ਦਾ ਲਾਇਵ ਸੈਸ਼ਨ ਸਵੇਰੇ 06:30 ਵਜੇ ਤੋਂ ਸਵੇਰੇ 07:30 ਵਜੇ ਅਤੇ ਸ਼ਾਮ ਨੂੰ 06:00 ਵਜੇ ਤੋਂ 07:00 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਆਯੂਰਵੈਦਿਕ ਹੈਲਥ ਐਂਡ ਵੈਲਨੈੱਸ ਸੈਂਟਰਾਂ ਅਤੇ ਡਿਸਪੈਂਸਰੀਆਂ ਵਿੱਚ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਆਂਗਨਵਾੜੀ ਸੈਂਟਰਾਂ, ਸਰਕਾਰੀ/ਪ੍ਰਾਈਵੇਟ ਸਕੂਲਾਂ, ਕਾਲਜ਼ਾਂ, ਆਈ.ਟੀ.ਆਈਜ਼ ਅਤੇ ਯੂਨੀਵਰਸਿਟੀਆਂ, ਜਨਤਕ ਸਥਾਨਾਂ ਵਿੱਚ ਵੀ ਯੋਗਾ ਸੈਸ਼ਨ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਯੋਗਾ ਨਾਲ ਜੋੜ ਕੇ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ: ਅਮਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਨੂੰ ਮਾਨਸਿਕ ਤਣਾਅ ਬਹੁਤ ਜਿਆਦਾ ਰਹਿੰਦਾ ਹੈ ਅਤੇ ਇਸ ਨੂੰ ਦੂਰ ਕਰਨ ਵਿੱਚ ਯੋਗਾ ਬਹੁਤ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚ ਯੋਗਾ ਨੂੰ ਜੋੜਨਾਂ ਚਾਹੀਦਾ ਹੈ ਅਤੇ ਕੁਝ ਸਮਾਂ ਯੋਗਾ ਦੇ ਆਸਣ ਕਰਕੇ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਇੱਕ ਪੁਰਾਤਨ ਵਿਧੀ ਹੈ ਜੋ ਕਿ ਅੱਜ ਪੂਰੀ ਦੁਨੀਆਂ ਵਿੱਚ ਪ੍ਰਚਲੱਤ ਹੋ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਯੋਗਾ ਅੱਜ ਦੇ ਦੌੜ ਭੱਜ ਦੇ ਦੌਰ ਵਿੱਚ ਸਾਡੇ ਸਾਰਿਆਂ ਲਈ ਬਹੁਤ ਜਰੂਰੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਈਸ਼ਾ ਸਿੰਗਲ,ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ, ਆਯੂਰਵੈਦਿਕ ਮੈਡੀਕਲ ਅਫਸਰ ਡਾ: ਦੀਵਾਨ ਚੰਦ ਧੀਰ, ਡਾ: ਰਾਜਨ ਕੌਸ਼ਲ, ਡਾ: ਸੰਦੀਪ, ਡਾ: ਕਾਮਨਾ ਬਾਵਾ, ਡਾ:ਨਵੀਦਪ ਸਿਆਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।