ਪਟਿਆਲਾ : ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ ਮੋਹਾਲੀ ਵਿਖੇ ਅੱਜ ਪਹਿਲੀ ਅਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਇਸ ਸੈਂਟਰ ਤੋਂ ਪੜ੍ਹੇ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਹਿੱਸਾ ਲਿਆ। ਸਾਲ 2000 ਅਤੇ ਇਸ ਤੋਂ ਬਾਅਦ ਦੇ ਸਾਬਕਾ ਵਿਦਿਆਰਥੀ ਅਲੂਮਨੀ ਮੀਟ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਖੇਤਰੀ ਕੇਂਦਰ ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੇ ਖੇਤਰਾਂ ਵਿੱਚ ਵੱਖ-ਵੱਖ ਕੋਰਸ ਕਰਵਾਉਂਦਾ ਹੈ। ਡਾ. ਅੰਬਿਕਾ ਭਾਟੀਆ, ਮੁਖੀ (ਪ੍ਰਬੰਧਨ) ਨੇ ਕਿਹਾ ਕਿ ਅਜਿਹੇ ਸਮਾਗਮ ਮੌਜੂਦਾ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਦਰਮਿਆਨ ਰਿਸ਼ਤਾ ਕਾਇਮ ਕਰਨ ਦਾ ਇੱਕ ਵਧੀਆ ਸਰੋਤ ਹਨ ਜਿਸ ਨਾਲ਼ ਮੌਜੂਦਾ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਨੌਕਰੀਆਂ ਪ੍ਰਾਪਤ ਕਰਨ ਵਿੱਚ ਫ਼ਾਇਦਾ ਹੁੰਦਾ ਹੈ।
ਡਾ. ਰੇਖਾ ਭਾਟੀਆ, ਕੋਆਰਡੀਨੇਟਰ (ਕੰਪਿਊਟਰ ਸਾਇੰਸ) ਨੇ ਆਪਣੇ ਸੰਬੋਧਨ ਵਿੱਚ ਅਜਿਹੇ ਸਮਾਗਮਾਂ ਦੀ ਮਹੱਤਤਾ ਨੂੰ ਦੁਹਰਾਇਆ ਜਿੱਥੇ ਵਿਦਿਆਰਥੀ ਆਪਣੇ ਤੋਂ ਪਹਿਲਾਂ ਪੜ੍ਹੇ ਅਜਿਹੇ ਵਿਦਿਆਰਥੀਆਂ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਜੋ ਵੱਖ-ਵੱਖ ਖੇਤਰਾਂ ਵਿੱਚ ਮਾਣਯੋਗ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ ਸਮਾਗਮ ਵਿੱਚ ਪੁੱਜੇ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦਾ ਦੌਰਾ ਕਰਦਿਆਂ ਫ਼ੈਕਲਟੀ ਅਤੇ ਸਟਾਫ਼ ਨਾਲ਼ ਗੱਲਬਾਤ ਕਰ ਕੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਮਾਗਮ ਵਿੱਚ ਸਾਬਕਾ ਵਿਦਿਆਰਥੀਆਂ ਨੇ ਮਨੋਰੰਜਕ ਖੇਡਾਂ ਖੇਡੀਆਂ ਅਤੇ ਪ੍ਰੇਰਣਾਮਈ ਭਾਸ਼ਣ ਦਿੱਤੇ।