ਰਾਜਪੁਰਾ : ਰਾਜਪੁਰਾ ਨੇੜਲੇ ਪਿੰਡ ਸੇਹਰਾ ਵਿਖੇ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਚੋਣ ਪ੍ਰਚਾਰ ਸਮੇਂ ਉਨ੍ਹਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਹੋਈ ਧੱਕਾਮੁੱਕੀ ਦੌਰਾਨ ਇੱਕ ਕਿਸਾਨ ਦੀ ਮੌਤ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਕਿਸਾਨ ਦੀ ਹੋਈ ਘਟਨਾ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਰਾਜਪੁਰਾ ਵਿਖੇ ਰੋਸ ਧਰਨਾ ਲਗਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿ਼ਲਾਫ਼ ਪੁਲਿਸ ਕਾਰਵਾਈ ਦੀ ਮੰਗ ਕੀਤੀ।ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਮੌਕੇ 'ਤੇ ਪਹੁੰਚ ਗਏ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਬਣਦਾ ਇਨਸਾਫ਼ ਦੇਣ ਦੀ ਗੱਲ ਆਖੀ। ਸਿਵਲ ਹਸਪਤਾਲ ਰਾਜਪੁਰਾ ਵਿਖੇ ਜਦੋਂ ਧੱਕਾਮੁੱਕੀ ਨਾਲ ਜ਼ਖ਼ਮੀ ਹੋਏ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਤਾਂ ਮੌਕੇ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਘੁਮਾਣਾ, ਸਤਨਾਮ ਸਿੰਘ ਬਹਿਰੂ, ਮਾਨ ਸਿੰਘ ਰਾਜਪੁਰਾ ਸਮੇਤ ਹੋਰ ਕਿਸਾਨ ਪਹੁੰਚ ਗਏ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੋਸ਼ ਲਗਾਉਂਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਹਰਪਾਲਪੁਰ ਵੱਲੋਂ ਹੀ ਸ਼ਹੀਦ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੇ ਨਾਲ ਧੱਕਾਮੁੱਕੀ ਕੀਤੀ ਗਈ ਸੀ ਤੇ ਜਿਸ ਕਾਰਨ ਕਿਸਾਨ ਦੇ ਦਿਲ ਅਤੇ ਹੋਰ ਥਾਵਾਂ 'ਤੇ ਸੱਟ ਵੱਜਣ ਕਾਰਨ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਫੋਰਮਾਂ ਦੇ ਕਿਸਾਨ ਆਗੂ ਇਥੇ ਇਕੱਠੇ ਹੋ ਗਏ ਹਨ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮੰਗ ਅਨੁਸਾਰ ਜਦੋਂ ਤੱਕ ਕਿਸਾਨ ਦੀ ਮੌਤ ਦਾ ਜ਼ਿੰਮੇਵਾਰੀ ਸਮਝੇ ਜਾਂਦੇ ਵਿਅਕਤੀਆਂ ਉਤੇ ਪਰਚਾ ਦਰਜ ਨਹੀਂ ਹੋ ਜਾਂਦਾ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਮ੍ਰਿਤਕ ਕਿਸਾਨ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੇਸ਼ ਅੰਦਰ ਕਿੰਨੀਆਂ ਕੁ ਵੋਟਾਂ ਪੈਣੀਆਂ ਹਨ ਸਬੰਧੀ ਸਮਾਂ ਦੱਸ ਦੇਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਉਮੀਦਵਾਰ ਅਜੇ ਮੈਂਬਰ ਪਾਰਲੀਮੈਂਟ ਚੁਣੇ ਜਾਣੇ ਹਨ, ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤੇ ਬਾਅਦ ਵਿੱਚ ਕਦੋਂ ਸਵਾਲਾਂ ਦੇ ਜਵਾਬ ਦੇਣੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਟਰੈਕ ਰਿਕਾਰਡ ਹੈ ਤੇ ਉਨ੍ਹਾਂ ਵੱਲੋਂ ਲਖੀਮਪੁਰ ਖੀਰੀ ਵਿੱਚ ਸਾਡੇ ਕਿਸਾਨਾਂ 'ਤੇ ਗੱਡੀਆਂ ਚੜਾ ਕੇ ਕਤਲ ਕੀਤਾ ਅਤੇ ਖਨੌਰੀ ਬਾਰਡਰ 'ਤੇ ਆਪਣੇ ਹੱਕਾਂ ਦੇ ਲਈ ਲੜ ਰਹੇ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲ਼ੀਆਂ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਹੁਣ ਭਾਜਪਾ ਦੇ ਗੁੰਡੇ ਸ਼ਰੇਆਮ ਕਿਸਾਨਾਂ ਦੇ ਨਾਲ ਧੱਕਾਮੁੱਕੀ ਕਰ ਕੇ ਕਤਲ ਕਰ ਰਹੇ ਹਨ ਨੂੰ ਕਿਸਾਨ ਜਥੇਬੰਦੀਆਂ ਬਰਦਾਸ਼ਤ ਨਹੀ ਕਰਨਗੇ। ਇਸ ਮੌਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਡਾ: ਧਰਮਵੀਰ ਗਾਂਧੀ, ਸ੍ਰੋਅਦਲ ਉਮੀਦਵਾਰ ਐੱਨਕੇ ਸ਼ਰਮਾ, ਆਪ ਵਿਧਾਇਕਾ ਨੀਨਾ ਮਿੱਤਲ, ਵਿਧਾਇਕ ਗੁਰਲਾਲ ਘਨੌਰ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ, ਹਲਕਾ ਘਨੌਰ ਇੰਚਾਰਜ ਭੁਪਿੰਦਰ ਸਿੰਘ ਸੇਖੂਪੁਰ ਸਮੇਤ ਹੋਰਨਾਂ ਰਾਜਨੀਤਿਕ ਆਗੂਆਂ ਨੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਹੋਈ ਧੱਕਾਮੁੱਕੀ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਲਈ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਉਮੀਦਵਾਰਾਂ ਨੂੰ ਕਿਸਾਨ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸਵਾਲ ਪੁੱਛ ਰਹੇ ਹਨ ਤਾਂ ਉਹ ਭੱਜ ਕਿਉਂ ਰਹੇ ਹਨ< ਅੱਜ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜਰੂਰੀ ਮੰਗਾ ਮੰਨ ਲਈਆਂ ਹੁੰਦੀਆਂ ਤਾਂ ਕਿਸਾਨਾਂ ਨੂੰ ਸੜਕਾਂ ਉਤੇ ਰਾਤ ਗੁਜ਼ਾਰਨ ਅਤੇ ਰੋਸ ਪ੍ਰਦਰਸ਼ਨ ਮੁਜ਼ਾਹਰੇ ਕਰਨ ਦੀ ਜ਼ਰੂਰਤ ਨਹੀ ਪੈਂਦੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਕਿਸਾਨਾਂ ਉਤੇ ਭਾਜਪਾ ਵੱਲੋਂ ਗੋਲ਼ੀਆਂ, ਅੱਥਰੂ ਗੈਸ ਦੇ ਗੋਲ਼ੇ, ਡਾਂਗਾਂ ਆਦਿ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਦੀ ਮੌਤ ਦੇ ਲਈ ਜ਼ਿੰਮੇਵਾਰਾਂ ਖਿ਼ਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਕੀ ਕਹਿੰਦੇ ਹਨ ਹਰਵਿੰਦਰ ਸਿੰਘ ਹਰਪਾਲਪੁਰ
ਮੇਰੇ 'ਤੇ ਲਗਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ ਤੇ ਸਿਆਸੀ ਪਾਰਟੀਆਂ ਵੋਟਾਂ ਵਿੱਚ ਲਾਹਾ ਲੈਣ ਦੇ ਲਈ ਅਜਿਹੇ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਵਿਅਕਤੀਆਂ ਨੂੰ ਅਜਿਹੀ ਮਾੜੀ ਸੋਚ ਤੋਂ ਬਚਣਾ ਚਾਹੀਦਾ ਹੈ। ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਮੇਰਾ 25 ਸਾਲਾਂ ਤੋਂ ਮਿੱਤਰ ਸੀ। ਮੌਕੇ ਦੀ ਵੀਡਿਓ ਵਿੱਚ ਕਿਸਾਨ ਆਪ ਡਿੱਗਦਾ ਦਿਖ ਰਿਹਾ ਹੈ ਜਦ ਕਿ ਮੈਂ ਉਮੀਦਵਾਰ ਪ੍ਰਨੀਤ ਕੌਰ ਦੇ ਨਾਲ ਕਾਰ ਵਿੱਚ ਫਰੰਟ ਸੀਟ 'ਤੇ ਬੈਠਾ ਸੀ। ਗਰਮੀ ਜ਼ਿਆਦਾ ਹੋਣ ਕਾਰਨ ਥੱਲੇ ਡਿੱਗਣ ਕਰਕੇ ਉਸਦੀ ਮੌਤ ਹੋਈ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸੱਚਾਈ ਜਾਣੇ ਨਾਜਾਇਜ਼ ਪਰਚਾ ਦਰਜ ਨਾ ਕਰਵਾਉਣ ਜਦ ਕਿ ਮੈਂ ਤਾਂ ਪਹਿਲਾਂ ਹੀ ਨਾਜਾਇਜ਼ ਪਰਚਿਆਂ ਦਾ ਸੇਕ ਝੱਲਿਆ ਹੈ। ਮੈਂ ਖੁਦ ਕਿਸਾਨ ਹਾਂ ਤੇ ਕਿਸਾਨਾਂ ਨੂੰ ਧੱਕਾ ਮਾਰਨਾ ਤਾਂ ਦੂਰ ਦੀ ਗੱਲ ਹੈ।