ਮਾਲੇਰਕੋਟਲਾ : ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੀ ਨਵੀਂ ਬਾਡੀ ਦੇ ਸਬੰਧ 'ਚ ਇੱਕ ਅਹਿਮ ਮੀਟਿੰਗ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਮੁਹੰਮਦ ਨਜ਼ੀਰ (ਕੌਂਸਲਰ) ਦੀ ਪ੍ਰਧਾਨਗੀ ਹੇਠ ਈਦਗਾਹ ਵਿਖੇ ਹੋਈ। ਜਿਸ ਵਿੱਚ ਕਮੇਟੀ ਦੇ ਸੰਵਿਧਾਨ ਅਨੁਸਾਰ ਪ੍ਰਧਾਨ ਮੁਹੰਮਦ ਨਜ਼ੀਰ ਨੇ ਅਹੁਦੇਦਾਰਾਂ ਦਾ ਐਲਾਨ ਕੀਤਾ, ਜਿਸ 'ਚ ਸ਼ੌਕਤ ਅਲੀ ਤੇ ਮੁਹੰਮਦ ਹਲੀਮ ਨੂੰ ਸਰਪ੍ਰਸਤ ਤੋਂ ਇਲਾਵਾ ਮੁਹੰਮਦ ਨਿਸਾਰ ਥਿੰਦ ਨੂੰ ਸੀਨੀਅਰ ਮੀਤ ਪ੍ਰਧਾਨ, ਮੁਹੰਮਦ ਸ਼ਕੀਲ ਨੂੰ ਮੀਤ ਪ੍ਰਧਾਨ, ਡਾ.ਅਬਦੁਲ ਗੱਫਾਰ ਨੂੰ ਜਨਰਲ ਸਕੱਤਰ, ਨਇਅਰ ਜ਼ੁਬੈਰੀ ਨੂੰ ਸੰਯੁਕਤ ਸਕੱਤਰ, ਮੁਹੰਮਦ ਅਕਬਰ (ਬੱਫਾ) ਨੂੰ ਪ੍ਰਚਾਰ ਸਕੱਤਰ, ਚੌਧਰੀ ਨਸੀਮ ਉਰ ਰਹਿਾਮਨ (ਘੁਕਲਾ) ਨੂੰ ਖ਼ਜ਼ਾਨਚੀ ਨਾਮਜ਼ਦ ਕੀਤਾ ਗਿਆ, ਇਸ ਤੋਂ ਇਲਾਵਾ ਮੁਹੰਮਦ ਇਮਤਿਆਜ਼, ਅਸ਼ਰਫ ਅਬਦੁੱਲਾ ਤੇ ਜ਼ਹੂਰ ਅਹਿਮਦ ਚੌਹਾਨ ਦੇ ਨਾਂ ਕਾਰਜਕਾਰਨੀ ਮੈਂਬਰਾਂ 'ਚ ਸ਼ਾਮਲ ਕੀਤੇ ਗਏ। ਪ੍ਰਧਾਨ ਮੁਹੰਮਦ ਨਜ਼ੀਰ (ਕੌਂਸਲਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਇੱਛਾ ਹੈ ਕਿ ਈਦਗਾਹ ਦੀ ਪ੍ਰਬੰਧਕੀ ਕਮੇਟੀ ਆਪਣੇ ਟੀਚਿਆਂ ਅਤੇ ਉਦੇਸ਼ਾਂ ਨੂੰ ਸੁਚਾਰੂ ਢੰਗ ਨਾਲ ਪ੍ਰਾਪਤ ਕਰਨ ਅਤੇ ਪ੍ਰਬੰਧਕ ਕਮੇਟੀ ਨੇ ਇਸ ਮਹੱਤਵਪੂਰਨ ਸੰਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਈਦਗਾਹ ਦੇ ਵਿਸਥਾਰ ਅਤੇ ਵਿਕਾਸ ਲਈ ਸਾਰੇ ਸਾਧਨਾਂ ਦੀ ਵਰਤੋਂ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਈਦਗਾਹ ਦੇ ਸਰਬਪੱਖੀ ਵਿਕਾਸ ਲਈ ਕੌਮ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ ਅਤੇ ਈਦਗਾਹ ਕਮੇਟੀ ਦੀ ਕਾਰਗੁਜ਼ਾਰੀ ਨੂੰ ਹੋਰ ਨਿਖਾਰਨ ਲਈ ਸੰਗਤਾਂ ਵੱਲੋਂ ਭੇਜੇ ਗਏ ਸੁਝਾਵਾਂ ਦਾ ਸੁਆਗਤ ਕਰੇਗੀ।