ਪਟਿਆਲਾ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਾਣੀ ਦੀ ਹਰ ਇਕ ਬੂੰਦ ਕੀਮਤੀ ਹੈ,ਪਾਣੀ ਦੀ ਸੁਰੱਖਿਆ ਹੀ ਜੀਵਨ ਦੀ ਸੁਰੱਖਿਆ ਹੈ। ਪੀ.ਐਸ.ਪੀ.ਸੀ.ਐਲ. ਵੱਲੋਂ ਕਣਕ ਦੀ ਵਾਢੀ ਲਗਭਗ ਪੂਰੀ ਹੋਣ ਉਪਰੰਤ ਇਹਨਾਂ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਦਿਨ ਵੇਲੇ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਮੰਤਰੀ ਨੇ ਜ਼ੋਰ ਦਿੰਦੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਜਲ ਸਰੋਤ ਸੀਮਤ ਹੈ,ਚਾਹੇ ਬਿਜਲੀ ਦੀ ਕੋਈ ਥੁੜ ਨਹੀ ਹੈ ਫਿਰ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨਾ ਸਮੇਂ ਦੀ ਮੰਗ ਹੈ।ਕਿਸਾਨਾਂ ਨੂੰ ਪਾਣੀ ਦੀ ਵਰਤੋਂ ਜਰੂਰਤ ਅਨੁਸਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੀ ਹਰ ਬੂੰਦ ਕੀਮਤੀ ਹੈ ਅਤੇ ਗੁਰਬਾਣੀ ਵਿੱਚ ਵੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਰਾਹੀਂ ਪਾਣੀ ਦੀ ਮਹੱਤਤਾ ਦਾ ਸੰਦੇਸ਼ ਦਿੱਤਾ ਗਿਆ ਹੈ।
ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੀਐਸਪੀਸੀਐਲ ਕੋਲ ਬਿਜਲੀ ਦੀ ਕਮੀ ਨਹੀਂ ਹੈ, ਲੇਕਿਨ ਸੂਬੇ ਅੰਦਰ ਜਮੀਨ ਹੇਠਲੇ ਪਾਣੀ ਦੀ ਸਥਿਤੀ ਵੀ ਕਿਸੇ ਤੋਂ ਛਿਪੀ ਨਹੀਂ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਜਰੂਰਤ ਮੁਤਾਬਿਕ ਟਿਊਬਵੈਲ ਚਲਾਉਣੇ ਚਾਹੀਦੇ ਹਨ। ਉਹਨਾਂ ਨੇ ਜੋਰ ਦਿੰਦਿਆਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚਾਉਣਾ ਪਵੇਗਾ,ਜਲ ਸੰਭਾਲ ਜ਼ਰੂਰਤ ਤੇ ਸਾਡਾ ਫਰਜ਼ ਹੈ ਅਤੇ ਸਰਕਾਰ ਦੀ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ।