ਪਟਿਆਲਾ : ''ਲੋਕ ਸਭਾ ਚੋਣਾਂ ਦੀਆਂ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਪਾਉਣ ਤੋਂ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ ਅਤੇ ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਮਾਲਜ਼ ਤੇ ਸਿਨੇਮਾ ਘਰਾਂ ਦੇ ਮੈਨੇਜਰ ਤੇ ਪ੍ਰਬੰਧਕ ਆਪਣਾ ਪੂਰਾ ਸਹਿਯੋਗ ਦੇਣ। ਇਸ ਤੋਂ ਇਲਾਵਾ ਨੌਜਵਾਨ ਵੋਟਰਾਂ ਦੀਆਂ ਵੋਟਾਂ ਵੱਧ ਤੋਂ ਵੱਧ ਪੁਆਉਣ ਲਈ ਕਾਲਜਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਜਾਵੇ।'' ਇਹ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਨੇ ਪਟਿਆਲਾ ਜ਼ਿਲ੍ਹੇ ਦੇ ਸਿਨੇਮਾ ਘਰਾਂ ਤੇ ਮਾਲ ਮੈਨੇਜਰਾਂ ਅਤੇ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ ਮੌਕੇ ਕੀਤਾ।
ਏ.ਡੀ.ਸੀ. ਕੰਚਨ ਨੇ ਮਾਲ ਤੇ ਸਿਨੇਮਿਆਂ ਦੇ ਮੈਨੇਜਰਾਂ ਤੇ ਪ੍ਰਬੰਧਕਾਂ ਨੂੰ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਇਸ ਲਈ ਉਹ ਆਪਣੇ ਮਾਲਜ਼ ਤੇ ਸਿਨੇਮਾ ਘਰਾਂ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ, ਬੈਨਰ ਤੇ ਹੋਰਡਿੰਗਜ਼ ਲਗਵਾਉਣ। ਇਸ ਤੋਂ ਬਿਨ੍ਹਾਂ ਸਟੇਟ ਚੋਣ ਆਈਕਨ ਸ਼ੁਭਮਨ ਗਿੱਲ, ਤਰਸੇਮ ਜੱਸੜ, ਮਹਿਲਾਵਾਂ, ਦਿਵਿਆਂਗਜਨ, ਸਟੇਟ ਟਰਾਂਸਜੈਂਡਰ ਆਈਕੋਨ, ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ, ਸਰਵਿਸ ਵੋਟਰਾਂ ਦੇ ਵੋਟ ਪਾਉਣ ਲਈ ਸੁਨੇਹੇ ਸਮੇਤ ਆਈਟੀ ਐਪਸ ਬਾਰੇ ਜਾਣਕਾਰੀ ਵੀ ਪ੍ਰਦਰਸ਼ਿਤ ਕੀਤੀ ਜਾਵੇ।
ਏ.ਡੀ.ਸੀ. ਨੇ ਅੱਗੇ ਕਿਹਾ ਕਿ ਚੋਣਾਂ ਦਾ ਪਰਵ ਦੇਸ਼ ਦਾ ਗਰਵ, ਵੋਟ ਫਾਰ ਬੈਟਰ ਇੰਡੀਆ, ਪੰਜਾਬ ਵੋਟਸ ਆਨ 1 ਜੂਨ, ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ ਸ਼ਿਉਰ, ਵੋਟ ਮੇਰਾ ਅਧਿਕਾਰ ਤੇ ਨੈਤਿਕ ਫਰਜ਼, ਸੋਚ ਸਮਝ ਕੇ ਵੋਟ ਦਿਉ ਆਦਿ ਸਲੋਗਨ ਕਾਲਜਾਂ, ਮਾਲਜ ਤੇ ਸਿਨੇਮਾ ਘਰਾਂ ਦੇ ਨੋਟਿਸ ਬੋਰਡਾਂ 'ਤੇ ਲਗਾਏ ਜਾਣ। ਇਸ ਤੋਂ ਬਿਨ੍ਹਾਂ ਮੁੱਖ ਚੋਣ ਅਫ਼ਸਰ ਵੱਲੋਂ ਪ੍ਰਾਪਤ ਆਡੀਓ ਤੇ ਵੀਡੀਓਜ ਵੀ ਆਪਣੇ ਪ੍ਰੋਜੈਕਟਰਾਂ, ਐਲ.ਈ.ਡੀ. ਡਿਸਪਲੇਅ ਆਦਿ 'ਤੇ ਚਲਵਾਏ ਜਾਣ। ਜਦਕਿ ਸੋਸ਼ਲ ਮੀਡੀਆ ਸੁਨੇਹਿਆਂ ਨੂੰ ਵੀ ਵਾਇਰਲ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਵਾਰ ਵੋਟਾਂ ਪਾਉਣ ਲਈ ਅੱਗੇ ਆਉਣ ਅਤੇ ਇਸ ਵਾਰ 70 ਤੋਂ ਪਾਰ ਟੀਚੇ ਨੂੰ ਸਰ ਕੀਤਾ ਜਾ ਸਕੇ।
ਮੀਟਿੰਗ ਮੌਕੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਡੀ.ਡੀ.ਐਫ. ਨਿਧੀ ਮਲਹੋਤਰਾ ਸਮੇਤ ਸਪੈਕਟਰਾ ਮਾਲ, ਓਮੈਕਸ ਮਾਲ, ਪੀ.ਵੀ.ਆਰ. ਮਾਲ, ਕੈਪੀਟਲ, ਫੂਲ ਤੇ ਮਾਲਵਾ ਸਿਨੇਮਾ, ਪ੍ਰਾਈਮ ਸਿਨੇਮਾ ਰਾਜਪੁਰਾ ਸਮੇਤ ਮਾਤਾ ਸਾਹਿਬ ਕੌਰ ਕਾਲਜ, ਮੁਲਤਾਨੀ ਮਲ ਮੋਦੀ ਕਾਲਜ, ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਕਾਲਜ ਆਫ਼ ਗਰਲਜ਼ ਆਦਿ ਦੇ ਨੁਮਾਇੰਦੇ ਮੌਜੂਦ ਸਨ।