ਫ਼ਤਹਿਗੜ੍ਹ ਸਾਹਿਬ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੇ ਸ਼ਡਿਊਲ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਲਈ ਚੋਣ ਹਲਕਾ 08-ਫ਼ਤਹਿਗੜ੍ਹ ਸਾਹਿਬ (ਅ:ਜ:) ਵਿੱਚ ਇੱਕ ਲੋਕ ਸਭਾ ਮੈਂਬਰ ਦੀ ਚੋਣ ਕੀਤੀ ਜਾਣੀ ਹੈ, ਇਸ ਲਈ ਉਮੀਦਵਾਰ ਜਾਂ ਉਸ ਦੇ ਕਿਸੇ ਤਜ਼ਵੀਜਕਾਰ/ਪ੍ਰੋਪੋਜ਼ਰ ਆਪਣੇ ਨਾਮਜ਼ਦਗੀ ਪੇਪਰ 14 ਮਈ ਨੂੰ ਸ਼ਾਮ 03:00 ਵਜੇ ਤੱਕ ਜ਼ਿਲ੍ਹਾ ਚੋਣ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰ, ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਰਟ ਰੂਮ ਨੰ: 107 ਵਿੱਚ ਕਿਸੇ ਵੀ ਕੰਮ ਵਾਲੇ ਦਿਨ (ਛੁੱਟੀ ਵਾਲੇ ਦਿਨ ਤੋਂ ਬਿਨਾਂ) ਪੇਸ਼ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਿਹਰ 03:00 ਵਜੇ ਤੱਕ ਪੇਸ਼ ਕੀਤੇ ਜਾ ਸਕਦੇ ਹਨ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਨਿਸ਼ਚਿਤ ਸਥਾਨ ਤੇ ਨਿਸ਼ਚਿਤ ਸਮੇਂ ਦੌਰਾਨ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਸਵੇਰੇ 11:00 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਨਾਂ ਵਾਪਸ ਲੈਣ ਦੀ ਸੂਚਨਾ, ਉਮੀਦਵਾਰ ਜਾਂ ਉਸ ਦੇ ਤਜ਼ਵੀਜਕਾਰ ਜਾਂ ਚੋਣ ਏਜੰਟ ਜਿਸ ਨੂੰ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਲਈ ਲਿਖਤੀ ਰੂਪ ਵਿੱਚ ਅਧਿਕਾਰਤ ਕੀਤਾ ਗਿਆ ਹੈ, ਵੱਲੋਂ ਜ਼ਿਲ੍ਹਾ ਚੋਣ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰ, ਫ਼ਤਹਿਗੜ੍ਹ ਸਾਹਿਬ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਰਟ ਰੂਮ 107 ਵਿੱਚ 17 ਮਈ ਤੱਕ ਬਾਅਦ ਦੁਪਿਹਰ 03:00 ਵਜੇ ਤੋਂ ਪਹਿਲਾਂ ਦਿੱਤੀ ਜਾ ਸਕਦੀ ਹੈ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਚੋਣ ਲੜੇ ਜਾਣ ਦੀ ਸੂਰਤ ਵਿੱਚ 01 ਜੂਨ (ਸ਼ਨੀਵਾਰ) ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ 04 ਜੂਨ ਨੂੰ ਨਤੀਜੇ ਘੋਸ਼ਿਤ਼ ਕੀਤੇ ਜਾਣਗੇ।