ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 21 ਮਈ ਨੂੰ ਜਗਰਾਓਂ ਵਿਖੇ ਸੱਦੀ ਮਹਾਂ ਪੰਚਾਇਤ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਬਿੰਦਰ ਪਾਲ ਛਾਜਲੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਦੋਵਾਂ ਸਰਕਾਰਾਂ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਿੰਦਰਪਾਲ ਛਾਜਲੀ, ਹਰਬੰਸ ਸਿੰਘ, ਗੁਰਤੇਜ ਸਿੰਘ ਦੁੱਗਾਂ, ਗੁਰਚਰਨ ਸਿੰਘ ਕਿਲਾ ਭਰੀਆਂ, ਜਰਨੈਲ ਸਿੰਘ ਸੂਚ, ਗਾਗਾ ਸਿੰਘ, ਗੁਰਜੰਟ ਸਿੰਘ, ਹਰਪਾਲ ਸਿੰਘ ਅਤੇ ਦਰਸ਼ਨ ਸਿੰਘ ਦੁੱਗਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਕਿਸਾਨੀ ਘਾਟੇ ਦਾ ਧੰਦਾ ਬਣਕੇ ਰਹਿ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਓਂ ਵਿਖੇ ਸੱਦੀ ਮਹਾਂ ਪੰਚਾਇਤ ਵਿੱਚ ਵੱਡੇ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਲਾਰਿਆਂ ਵਿੱਚ ਰੱਖਕੇ ਰਾਜਨੀਤਕ ਲਾਹਾ ਲੈਣਾ ਚਾਹੁੰਦੀ ਹੈ ਜਦਕਿ ਸੂਬੇ ਦੇ ਕਿਸਾਨ ਸਰਕਾਰ ਦੇ ਅਜਿਹੇ ਰਵਈਏ ਤੋਂ ਜਾਣੂੰ ਹੋ ਚੁੱਕੇ ਹਨ।