ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਇੰਡੀਅਨ ਏਅਰ ਫ਼ੋਰਸ ਵੱਲੋਂ ਯੂਨੀਵਰਸਿਟੀ ਦੇ ਪਲੇਸਮੈਂਟ ਦੇ ਸਹਿਯੋਗ ਨਾਲ਼ ਕੈਰੀਅਰ ਅਗਵਾਈ ਪ੍ਰਦਰਸ਼ਨੀ ਲਗਾਈ ਗਈ। ਸੈਨਿਕ ਹਵਾਬਾਜ਼ੀ ਦੇ ਖੇਤਰ ਵਿੱਚ ਰੁਚੀ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਪ੍ਰਦਰਸ਼ਨੀ ਦੌਰਾਨ ਇਸ ਖੇਤਰ ਦੇ ਵੱਖ-ਵੱਖ ਪਾਸਾਰਾਂ ਬਾਰੇ ਸਿੱਖਣ ਦਾ ਮੌਕਾ ਮਿਲਿਆ। ਇਹ ਪ੍ਰਦਰਸ਼ਨੀ ਇੰਡੀਅਨ ਏਅਰ ਫ਼ੋਰਸ ਦੇ ‘ਦਿਸ਼ਾ ਸੈੱਲ’ ਵੱਲੋਂ ਆਯੋਜਿਤ ਕੀਤੀ ਗਈ ਜਿਸ ਦੌਰਾਨ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਵਿੱਚ ਇੱਕ ਹਾਈ ਟੈਕ ਬੱਸ ਲਿਆ ਕੇ ਖੜ੍ਹੀ ਕੀਤੀ ਗਈ ਸੀ। ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਹਾਜ਼ਰ ਇੰਡੀਅਨ ਏਅਰ ਫ਼ੋਰਸ ਦੇ ਅਫ਼ਸਰਾਂ ਨੇ ਇਸ ਬੱਸ ਵਿੱਚ ਸ਼ਾਮਿਲ ਵੱਖ-ਵੱਖ ਮਾਡਲਾਂ ਅਤੇ ਤਕਨੀਕੀ ਸਾਜ਼ੋ ਸਮਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਅਨੁਭਵੀ ਅਫ਼ਸਰਾਂ ਵੱਲੋਂ ਇਸ ਖੇਤਰ ਦੀ ਜਾਣਕਾਰੀ ਦੇਣ ਲਈ ਵੱਖ-ਵੱਖ ਸੈਸ਼ਨ ਆਯੋਜਿਤ ਕਰਵਾਏ ਗਏ। ਵਿਦਿਆਰਥੀਆਂ ਨੇ ਪਾਇਲਟਾਂ, ਨੇਵੀਗੇਟਰ ਅਫ਼ਸਰਾਂ ਅਤੇ ਜਮੀਨੀ ਅਮਲੇ ਦੇ ਮੈਂਬਰਾਂ ਨਾਲ਼ ਸੰਵਾਦ ਰਚਾਇਆ। ਵਿਦਿਆਰਥੀਆਂ ਵੱਲੋਂ ਏਅਰ ਫੋਰਸ ਕੌਮਨ ਅਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਆਦਿ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ। ਇੰਡੀਅਨ ਏਅਰ ਫੋਰਸ ਤੋਂ ਵਿੰਗ ਕਮਾਂਡਰ ਗੌਰਵ ਲੋਹਾਨੀ ਨੇ ਇਸ ਬਾਰੇ ਕਿਹਾ ਕਿ ਉਹ ਨੌਜਵਾਨਾਂ ਲੜਕੇ ਅਤੇ ਲੜਕੀਆਂ ਨੂੰ ਫੋਰਸ ਪ੍ਰਤੀ ਉਤਸਾਹਿਤ ਕਰਨ ਦੇ ਮਕਸਦ ਨਾਲ਼ ਇਹ ਪਹਿਲਕਦਮੀ ਕਰ ਰਹੇ ਹਨ। ਉਨ੍ਹਾਂ ਯੂਨੀਵਰਸਿਟੀ ਵੱਖ-ਵੱਖ ਵਿਭਾਗਾਂ ਅਤੇ ਯੂਨੀਵਰਸਿਟੀ ਮਾਡਲ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ ਵਿੱਚ ਸ਼ਾਮਿਲ ਹੋਣ ਦੀਆਂ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਸਾਇੰਸ ਵਿਦਿਆਰਥੀ, ਇੰਜਨੀਅਰ, ਕਾਮਰਸ ਵਿਦਿਆਰਥੀ ਆਦਿ ਹੋਣ ਦੀ ਸੂਰਤ ਵਿੱਚ ਫੋਰਸ ਵਿੱਚ ਸ਼ਾਮਿਲ ਹੋਣ ਦੇ ਕਿਹੜੇ ਮੌਕੇ ਹਨ।