ਪਟਿਆਲਾ : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਜ਼ਿਲ੍ਹੇ ਵਿੱਚ ਹੁਣ ਤੱਕ 437 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 411 ਦਾ ਸਮਾਂਬੱਧ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਸ਼ਿਕਾਇਤਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਐਪ ਉਪਰ ਹੁਣ ਤੱਕ ਆਈਆਂ 158 ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕੋ-ਇੱਕ ਏਜੰਡਾ ਚੋਣ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕ ਕੇ, ਸਾਰੇ ਉਮੀਦਵਾਰਾਂ ਨੂੰ ਚੋਣ ਲੜਨ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਸਮੇਤ ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣਾ ਤੇ ਵੋਟਰਾਂ ਵਿੱਚ ਭਰੋਸੇ, ਨਿੱਡਰਤਾ ਅਤੇ ਨਿਰਪੱਖਤਾ ਦਾ ਮਾਹੌਲ ਸਿਰਜਣਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਫਲਾਇੰਗ ਸਕੂਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ ਨਿਰੰਤਰ 24 ਘੰਟੇ ਜ਼ਿਲ੍ਹੇ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਸੰਪੂਰਨ ਕਰਨ ਲਈ ਯਤਨਸ਼ੀਲ ਹੈ। ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਐਂਡਰਾਇਡ ਤੇ ਆਈ.ਓ.ਐਸ ਪਲੇਟਫ਼ਾਰਮ ਅਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਸੀ-ਵਿਜਿਲ ਰਾਹੀਂ 16 ਮਾਰਚ ਤੋਂ ਲੈਕੇ ਅੱਜ ਤੱਕ ਆਈਆਂ 158 ਸ਼ਿਕਾਇਤਾਂ ਵਿੱਚੋਂ ਚੋਣ ਪ੍ਰਕ੍ਰਿਆ ਨਾਲ ਸਬੰਧਤ ਨਾ ਹੋਣ ਕਰਕੇ 55 ਰੱਦ ਕਰ ਦਿਤੀਆਂ ਗਈਆਂ ਅਤੇ 102 ਦਾ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ ਤੇ ਬਾਕੀ ਇੱਕ ਉਪਰ ਕਾਰਵਾਈ ਜਾਰੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੀ-ਵਿਜਿਲ 'ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ 'ਚ ਹੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤਾ ਜਾਂਦਾ ਹੈ। ਟੀਮ 15 ਮਿੰਟ 'ਚ ਸਬੰਧਤ ਥਾਂ 'ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ 'ਚ ਉਸ ਸ਼ਿਕਾਇਤ ਦੇ ਤੱਥ ਜਾਂਚ ਕੇ, ਉਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਬੰਧਤ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਸਹਾਇਕ ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ 'ਤੇ ਅਗਲੇ 50 ਮਿੰਟ 'ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੇਵਲ 100 ਮਿੰਟ 'ਚ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ, ਸੁਝਾਓ ਤੇ ਫੀਡਬੈਕ ਪ੍ਰਾਪਤੀ ਲਈ ਬਣਾਏ ਸਿੰਗਲ ਵਿੰਡੋ (ਐਨ.ਜੀ.ਐਸ.ਪੀ.) ਨੈਸ਼ਨਲ ਗ੍ਰੀਵਾਂਸ ਸਰਵਿਸ ਪੋਰਟਲ 'ਤੇ 16 ਮਾਰਚ ਤੋਂ ਲੈਕੇ 12 ਮਈ ਤੱਕ ਕੁਲ 260 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ 'ਚੋਂ 255 ਦਾ ਨਿਪਟਾਰਾ ਕਰ ਦਿੱਤਾ ਗਿਆ ਤੇ 5 ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਈਮੇਲ ਕੰਪਲੇਟਸੈਲਪੀਟੀਏ2024 ਐਟ ਦੀ ਰੇਟ ਜੀਮੇਲ ਉਪਰ 177 ਸ਼ਿਕਾਇਤਾ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 156 ਦਾ ਨਿਪਟਾਰਾ ਤੁਰੰਤ ਕੀਤਾ ਗਿਆ ਤੇ 21 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਸ਼ਿਕਾਇਤ ਸੈਲ ਦੇ ਫੋਨ ਨੰਬਰ 0175-2923084 ਅਤੇ ਵਟਸਐਪ ਨੰਬਰ 70095-50957 'ਤੇ ਅਜੇ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ।
ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਟੋਲ ਫਰੀ ਨੰਬਰ 1950 ਉਪਰ ਲੋਕ ਸਭਾ ਹਲਕੇ ਪਟਿਆਲਾ ਨਾਲ ਸਬੰਧਤ ਨਾਗਰਿਕਾਂ ਦੀਆਂ 953 ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਜਿਆਦਾਤਰ ਵੋਟਰ ਕਾਰਡ ਦੀ ਪੁੱਛਗਿੱਛ ਬਾਰੇ ਹੀ ਸਨ ਅਤੇ ਇਸ 'ਤੇ ਪੁੱਛੀ ਗਈ ਜਾਣਕਾਰੀ ਤੁਰੰਤ ਮੁਹੱਈਆ ਕਰਵਾ ਦਿੱਤੀ ਗਈ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਚੋਣ ਅਮਲ ਨਾਲ ਸਬੰਧਤ ਸ਼ਿਕਾਇਤ ਕੇਂਦਰ 24 ਘੰਟੇ ਕੰਮ ਕਰ ਰਹੇ ਹਨ, ਜਿੱਥੇ ਜ਼ਿਲ੍ਹਾ ਪੱਧਰ 'ਤੇ ਨੋਡਲ ਅਫ਼ਸਰ ਸ਼ਿਕਾਇਤਾਂ-ਕਮ-ਪੀਡੀਏ ਦੇ ਮਿਲਖ ਅਫ਼ਸਰ- ਆਰ.ਟੀ.ਓ. ਦੀਪਜੋਤ ਕੌਰ ਦੀ ਅਗਵਾਈ ਹੇਠ ਹਰੇਕ ਸ਼ਿਕਾਇਤ ਨੂੰ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਿਕਾਇਤਾਂ ਸਿੱਧੇ ਤੌਰ 'ਤੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵੀ ਪੁੱਜਦੀਆਂ ਹਨ, ਜਿਨ੍ਹਾਂ ਨੂੰ ਨਿਪਟਾ ਕੇ, ਮੁੱਖ ਚੋਣ ਅਫ਼ਸਰ ਨੂੰ ਸੂਚਿਤ ਕੀਤਾ ਜਾਂਦਾ ਹੈ।