ਪਟਿਆਲਾ : ਲੋਕ ਸਭਾ ਚੋਣਾਂ-2024 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੀ ਸਮੁੱਚੀ ਚੋਣ ਪ੍ਰਕ੍ਰਿਆ ਨੂੰ ਸੁਤੰਤਰ ਤੇ ਨਿਰਪੱਖ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ, ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਵਾਉਣ ਅਤੇ ਸਮੁਚੀ ਪ੍ਰਕ੍ਰਿਆ 'ਤੇ ਨਿਗਰਾਨੀ ਰੱਖਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਸੀਨੀਅਰ ਆਈ.ਏ.ਐਸ ਅਧਿਕਾਰੀ ਸ੍ਰੀ ਓਮ ਪ੍ਰਕਾਸ਼ ਬਕੋੜੀਆ ਦੀ ਜਨਰਲ ਆਬਜ਼ਰਵਰ ਵਜੋਂ ਨਿਯੁਕਤੀ ਕੀਤੀ ਗਈ ਹੈ। ਜਨਰਲ ਆਬਜ਼ਰਵਰ ਦੀ ਨਿਯੁਕਤੀ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸ੍ਰੀ ਓਮ ਪ੍ਰਕਾਸ਼ ਬਕੋੜੀਆ ਵਿਧਾਨ ਸਭਾ ਹਲਕਿਆਂ ਰਾਜਪੁਰਾ, ਡੇਰਾਬਸੀ, ਘਨੌਰ, ਪਟਿਆਲਾ ਸ਼ਹਿਰੀ, ਨਾਭਾ, ਪਟਿਆਲਾ ਦਿਹਾਤੀ, ਸਨੌਰ, ਸਮਾਣਾ ਅਤੇ ਸ਼ੁਤਰਾਣਾ 'ਤੇ ਨਿਗਰਾਨੀ ਰੱਖਣਗੇ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਨਰਲ ਅਬਜ਼ਵਰ ਆਮ ਚੋਣਾਂ ਨਿਰਪੱਖ ਤੇ ਸੁਤੰਤਰ ਤਰੀਕੇ ਨਾਲ ਕਰਵਾਉਣ ਲਈ ਚੋਣਾਂ ਦੀ ਸਮਾਪਤੀ ਤੱਕ ਰੋਜ਼ਾਨਾ 10 ਵਜੇ ਤੋਂ 11 ਵਜੇ ਤੱਕ ਸਰਕਟ ਹਾਊਸ, ਬਾਰਾਂਦਰੀ, ਪਟਿਆਲਾ ਵਿਖੇ ਆਮ ਲੋਕਾਂ, ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਓ ਸੁਨਣ ਲਈ ਮੌਜੂਦ ਰਹਿਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ, ਵੋਟਰ, ਰਾਜਨੀਤਕ ਪਾਰਟੀ ਜਾਂ ਚੋਣ ਲੜਨ ਵਾਲੇ ਕਿਸੇ ਉਮੀਦਵਾਰ ਨੂੰ ਚੋਣਾਂ ਸਬੰਧੀਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਉਹ ਕੋਈ ਸੁਝਾਓ ਦੇਣਾ ਚਾਹੁੰਦਾ ਹੈ ਤਾਂ ਉਹ ਨਿਰਧਾਰਤ ਸਥਾਨ ਅਤੇ ਨਿਰਧਾਰਤ ਸਮੇਂ ਦੌਰਾਨ ਜਨਰਲ ਆਬਜ਼ਰਵਰ ਨੂੰ ਮਿਲ ਸਕਦਾ ਹੈ। ਇਸ ਤੋਂ ਬਿਨ੍ਹਾਂ ਜਨਰਲ ਅਬਜ਼ਰਵਰ ਦੇ ਮੋਬਾਇਲ ਨੰਬਰ 88376-83098 'ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।