ਸੁਨਾਮ : ਬਰਨਾਲਾ ਵਿੱਚ ਵਪਾਰੀਆਂ ਅਤੇ ਕੁੱਝ ਕਿਸਾਨ ਜਥੇਬੰਦੀਆਂ ਦਰਮਿਆਨ ਹੋਏ ਝਗੜੇ ਕਾਰਨ ਵਪਾਰੀ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੁਨਾਮ ਵਪਾਰ ਮੰਡਲ ਦੇ ਪ੍ਰਧਾਨ ਪਵਨ ਗੁੱਜਰਾਂ ਅਤੇ ਖਜ਼ਾਨਚੀ ਪ੍ਰਵੀਨ ਕੁਮਾਰ ਨੇ ਵਪਾਰੀਆਂ ਦੇ ਹੱਕਾਂ ਲਈ ਡਟਕੇ ਖੜਨ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਬਰਨਾਲਾ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਦੀ ਧੱਕੇਸ਼ਾਹੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਸੂਬੇ ਦਾ ਵਪਾਰੀ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਅਜਿਹਾ ਕੋਈ ਵੀ ਮਸਲਾ ਨਹੀਂ ਜਿਸ ਨੂੰ ਇਕੱਠੇ ਬੈਠਕੇ ਹੱਲ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਬਰਨਾਲਾ ਵਿੱਚ ਵਪਾਰੀਆਂ ਨਾਲ ਜੋ ਧੱਕੇਸ਼ਾਹੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ, ਉਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਕਾਰਨ ਆਪਸੀ ਸਬੰਧ ਵਿਗੜ ਰਹੇ ਹਨ। ਜਿਹੜੇ ਸੂਬੇ ਦੇ ਲੋਕਾਂ ਅਤੇ ਸੂਬੇ ਦੇ ਹਿੱਤਾਂ ਵਿੱਚ ਨਹੀਂ ਹਨ। ਇਹ ਮਸਲਾ ਦੋਵੇਂ ਧੜਿਆਂ ਦੇ ਆਹਮੋ-ਸਾਹਮਣੇ ਬੈਠ ਕੇ ਹੀ ਹੱਲ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਦਾ ਸਬੂਤ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਪਾਰੀ ਵਰਗ ਸਭ ਤੋਂ ਵੱਧ ਪ੍ਰੇਸ਼ਾਨ ਹੈ ਅਤੇ ਅੱਜ ਤੱਕ ਵਪਾਰੀਆਂ ਦੀ ਅਵਾਜ਼ ਕਿਸੇ ਨੇ ਨਹੀਂ ਸੁਣੀ , ਵਪਾਰੀ ਵਰਗ ਨਾਲ ਵਾਰ-ਵਾਰ ਹੋ ਰਹੇ ਜ਼ੁਲਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਵਪਾਰ ਮੰਡਲ ਬਰਨਾਲਾ ਦੇ ਵਪਾਰੀਆਂ ਦੇ ਨਾਲ ਖੜ੍ਹਾ ਹੈ ਅਤੇ ਜੇਕਰ ਪ੍ਰਸ਼ਾਸਨ ਨੇ ਬਰਨਾਲਾ ਦੇ ਵਪਾਰੀਆਂ ਨੂੰ ਸਹੀ ਇਨਸਾਫ਼ ਨਾ ਦਿੱਤਾ ਤਾਂ ਸਮੂਹ ਵਪਾਰੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।