Thursday, November 21, 2024

Malwa

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ ਸਿਰਮੌਰ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਨਿੱਘੀ ਸ਼ਰਧਾਂਜਲੀ

May 16, 2024 11:47 AM
SehajTimes

ਫ਼ਤਹਿਗੜ੍ਹ ਸਾਹਿਬ : ਪੰਜਾਬੀ ਦੇ ਸਿਰਮੌਰ ਕਵੀ ਪਦਮਸ਼੍ਰੀ ਡਾ: ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਰਵਾਈ ਗਈ ਸ਼ੋਕ ਸਭਾ ਵਿੱਚ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਸਾਹਿਤਕਾਰ ਡਾ. ਅੱਛਰੂ ਸਿੰਘ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਸ਼੍ਰੋਮਣੀ ਸਾਹਿਤਕਾਰ ਡਾ. ਹਰਚੰਦ ਸਿੰਘ ਸਰਹਿੰਦੀ, ਸ਼ੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ, ਸੰਤ ਸਿੰਘ ਸੋਹਲ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਐਡਵੋਕੇਟ ਦਰਬਾਰਾ ਸਿੰਘ ਢੀਂਡਸਾ, ਪੰਜਾਬੀ ਚੇਤਨਾ ਸਾਹਿਤ ਸਭਾ ਦੇ ਪ੍ਰਧਾਨ ਹਾਕਮ ਸਿੰਘ, ਮਿਹਰ ਸਿੰਘ ਰਾਈਏਵਾਲ, ਅਨੂਪ ਖਾਨਪੁਰੀ, ਸੁਰਿੰਦਰ ਕੌਰ ਬਾੜਾ ਨੇ ਕਿਹਾ ਕਿ ਡਾ: ਸੁਰਜੀਤ ਪਾਤਰ ਦੇ ਇਸ ਫਾਨੀ ਸੰਸਾਰ ਵਿੱਚੋਂ ਜਾਣ ਨਾਲ ਪੰਜਾਬੀ ਸਾਹਿਤ ਨੂੰ ਜੋ ਘਾਟਾ ਪਿਆ ਹੈ ਉਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਜ਼ਿਲ੍ਹੇ ਦੇ ਸਾਹਿਤਕਾਰਾਂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪਿਛਲੀ ਇੱਕ ਸਦੀ ਦੇ ਪੰਜਾਬੀ ਦੇ ਕਵੀਆਂ ਵਿੱਚੋਂ ਉੱਚ ਕੋਟੀ ਦੇ ਮਹਾਨ ਕਵੀ ਸਨ। ਸਾਹਿਤਕ ਖੇਤਰ ਵਿੱਚ ਵਿਚਰਦਿਆਂ ਡਾ. ਸੁਰਜੀਤ ਪਾਤਰ ਨੂੰ ਬਹੁਤ ਸਾਰੇ ਇਨਾਮ ਅਤੇ ਸਨਮਾਨ ਮਿਲੇ ਜਿਨ੍ਹਾਂ ਵਿੱਚ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਭਾਸ਼ਾ ਵਿਭਾਗ ਪੰਜਾਬ 1997,  ‘ਕੁਸਮਰਾਜ ਸਾਹਿਤਯ’ ਪੁਰਸਕਾਰ 2014, ਪਦਮ-ਸ਼੍ਰੀ (2012), ‘ਗੰਗਾਧਰ ਨੈਸ਼ਨਲ ਐਵਾਰਡ’ (ਸੰਬਲਪੁਰ ਯੂਨੀਵਰਸਿਟੀ, ਉਡੀਸਾ) 2009, ਸਰਸਵਤੀ ਸਨਮਾਨ (ਕੇ.ਕੇ. ਬਿਰਲਾ ਫਾਊਂਡੇਸ਼ਨ) 2009, ‘ਅਨੰਦ ਕਾਵਿ ਸਨਮਾਨ’ 2007-08, ‘ਪੰਚਨਦ ਪੁਰਸਕਾਰ’ (ਭਾਰਤੀਯ ਭਾਸ਼ਾ ਪ੍ਰੀਸ਼ਦ, ਕੋਲਕਾਤਾ) 1999, ‘ਭਾਰਤੀ ਸਾਹਿਤ ਅਕਾਦਮੀ ਪੁਰਸਕਾਰ’ 1993 ਸਮੇਤ ਹੋਰ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਸੁਰਜੀਤ ਪਾਤਰ ਆਉਣ ਵਾਲੀ ਪੀੜੀ ਦੇ ਨਵੇਂ ਸਾਹਿਤਕਾਰਾਂ ਲਈ ਨਵੀਆਂ ਪੈੜ੍ਹਾਂ ਪਾ ਗਿਆ, ਜੋ ਉਨਾਂ ਲਈ ਰਾਹ ਦਸੇਰਾ ਬਣਨਗੀਆਂ। ਡਾ. ਸੁਰਜੀਤ ਪਾਤਰ ਵਰਗਾਂ ਸ਼ਾਇਰ ਪੂਰੀ ਸਦੀ ਵਿੱਚ ਕੋਈ ਵਿਰਲਾ ਟਾਵਾਂ ਹੀ ਆਉਂਦਾ ਹੈ। ਜੋ ਲੋਕ ਪੱਖੀ ਸਾਹਿਤ ਸਿਰਜ ਕੇ ਸਮਾਜ ਨੂੰ ਖੂਬਸੂਰਤ ਬਣਾਉਣ ਦੀ ਲੋਚਾ ਰੱਖਦਾ ਹੈ। ਇਸ ਤਰ੍ਹਾਂ ਦੇ ਅਜ਼ੀਮ ਸ਼ਾਇਰ ਦਾ ਇਸ ਤਰ੍ਹਾ ਅਚਾਨਕ ਚਲੇ ਜਾਣਾ ਸਮੂਹ ਪੰਜਾਬੀ ਸਾਹਿਤ ਜਗਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਇਸ ਤਰ੍ਹਾਂ ਦੇ ਮਹਾਨ ਸ਼ਾਇਰ ਦੀ ਲੋਕਾਈ ਨੂੰ ਸਦਾ ਹੀ ਘਾਟ ਰੜਕਦੀ ਰਹਿਣੀ ਹੈ। ਇਸ ਦੁੱਖ ਦੀ ਘੜੀ ਵਿੱਚ ਭਾਸ਼ਾ ਵਿਭਾਗ ਫ਼ਤਹਿਗੜ੍ਹ ਸਾਹਿਬ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ।
ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਮਾਂ ਬੋਲੀ ਦੇ ਸਾਹਿਤ ਪ੍ਰਤੀ ਮਾਣਮੱਤੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ਸਮਾਜਿਕ, ਰਾਜਨੀਤਿਕ, ਮਾਨਵਤਾਵਾਦੀ ਸਰੋਕਾਰਾਂ ਨਾਲ ਸਬੰਧਤ ਹਨ। ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਡਾ. ਸੁਰਜੀਤ ਪਾਤਰ ਹੀ ਇੱਕ ਅਜਿਹਾ ਕਵੀ ਹੋਇਆ ਹੈ ਜੋ ਜਨ-ਸਧਾਰਨ ਤੱਕ ਪ੍ਰਸਿੱਧੀ ਹਾਸਲ ਕਰ ਸਕਿਆ ਹੈ ਜੋ ਇੱਕ ਆਮ ਇਨਸਾਨ ਤੋਂ ਲੈ ਕੇ ਬੁੱਧੀਜੀਵੀ ਤੱਕ ਇੱਕੋ ਜਿਹਾ ਪ੍ਰਵਾਨਿਤ ਹੋਇਆ ਹੈ। ਉਸਦੀਆਂ ਕਵਿਤਾਵਾਂ ਦੀ ਭਾਸ਼ਾ ਸਰਲ, ਠੇਠ ਤੇ ਆਮ ਲੋਕਾਂ ਦੇ ਆਸਾਨੀ ਨਾਲ ਸਮਝ ਵਿੱਚ ਆਉਣ ਵਾਲੀ ਹੈ। ਉਸਦੀਆਂ ਕਵਿਤਾਵਾਂ ਵਿੱਚ ਲੋਕ ਪੱਖੀ ਵਿਸ਼ੇ ਤੇ ਆਮ ਲੋਕਾਈ ਦਾ ਦਰਦ ਹੈ। ਜਿਸ ਕਰਕੇ ਹੀ ਡਾ. ਸੁਰਜੀਤ ਪਾਤਰ ਵਰਗਾ ਸ਼ਾਇਰ ਪੰਜਾਬੀ ਜਗਤ ਅਤੇ ਸਹਿਤ ਜਗਤ ਵਿੱਚ ਸਰਵਪ੍ਰਵਾਨਿਤ ਹੈ। ਡਾ. ਸੁਰਜੀਤ ਪਾਤਰ ਵਰਗਾ ਸ਼ਾਇਰ ਸ਼ਬਦ ਦੀ ਸ਼ਕਤੀ ਨੂੰ ਸਰਵਕਾਲੀ ਅਤੇ ਸਦੀਵੀ ਮੰਨਦਾ ਹੈ, ਜਿਸ ਬਾਰੇ ਉਸਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ ‘ਜਿੰਨ੍ਹਾ ਚਿਰ ਲਫ਼ਜ਼ ਜਿਉਂਦੇ ਨੇ, ਸੁਖ਼ਨਵਰ ਜਿਉਂਣ ਮਰ ਕੇ ਵੀ, ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੜ ਕੇ ਸੁਵਾਹ ਬਣਦੇ।’ ਡਾ. ਸੁਰਜੀਤ ਪਾਤਰ ਵਰਗਾ ਸ਼ਾਇਰ ਹੀ ਬਣੇ ਹੋਏ ਰਾਹਾਂ ਤੇ ਚੱਲਣ ਦੀ ਬਜਾਏ ਆਪਣੇ ਰਾਹ ਆਪ ਬਣਾਉਣ ਵਿੱਚ ਯਕੀਨ ਰੱਖਦਾ ਹੈ, ਜਿਸ ਬਾਰੇ ਉਸਨੇ ਆਪਣੀ ਇੱਕ ਹੋਰ ਕਵਿਤਾ ਵਿੱਚ ਲਿਖਿਆ ਹੈ ‘ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾ ਰਾਹ ਬਣਦੇ, ਯੁੱਗਾਂ ਤੋਂ ਕਾਫ਼ਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ।’

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ