ਮਾਲੇਰਕੋਟਲਾ : ਅਗਾਮੀ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ ਲਈ ਨਿਯੁਕਤ ਕੀਤੇ ਗਏ ਖਰਚਾ ਨਿਗਰਾਨ ਸ੍ਰੀ ਅਮ੍ਰਿਤ ਸੰਜੇ ਗੋਰਵ ਆਈ.ਆਰ.ਐਸ ਨੇ ਅੱਜ ਲੋਕ ਸਭਾ ਹਲਕੇ ਅਧੀਨ ਪੈਂਦੇ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਦੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਪਰਨਾ ਐਮ.ਬੀ. ਅਤੇ ਐਫ.ਐਸ.ਟੀ, ਵੀ.ਐਸ.ਟੀ., ਐਸ.ਐਸ.ਟੀ., ਅਕਾਊਂਟ ਟੀਮਾਂ ਅਤੇ ਏ.ਈ.ਓ ਅਤੇ ਐਮ.ਸੀ.ਐਮ.ਸੀ.ਟੀਮ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਅਪਰਨਾ ਐਮ.ਬੀ ਨੇ ਖਰਚਾ ਨਿਗਰਾਨ ਅਫ਼ਸਰ ਨੂੰ ਅਵਗਤ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਬਜ਼ਰਵਰ ਨੂੰ ਜਾਣੂ ਕਰਵਾਉਂਦੀਆਂ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ 'ਤੇ ਨਜ਼ਰ ਰੱਖਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਵੱਖ-ਵੱਖ ਸੈਲਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਲਾਂ ਵਿੱਚ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਸੈਲ, ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ, ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈਲ, ਸੀ-ਵਿਜੀਲ ਅਤੇ ਹੋਰ ਮੋਨੀਟਰਿੰਗ ਸੈਲ ਸ਼ਾਮਲ ਹਨ।
ਉਨ੍ਹਾਂ ਹੋਰ ਕਿਹਾ ਕਿ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਵਾਧੂ ਚੋਣ ਖਰਚਿਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ,ਜ਼ਿਨ੍ਹਾਂ ਨੂੰ ਜੀ.ਪੀ.ਐੱਸ ਨਾਲ ਲੈਸ ਵਾਹਨ ਮੁਹੱਈਆਂ ਕਰਵਾਏ ਗਏ ਹਨ, ਜ਼ਿਨ੍ਹਾਂ ਵਿੱਚ ਕੈਮਰੇ ਵੀ ਲਗਾਏ ਗਏ ਹਨ । ਖਰਚਾ ਨਿਗਰਾਨ ਸ੍ਰੀ ਅਮ੍ਰਿਤ ਸੰਜੇ ਗੋਰਵ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਨਿਰਧਾਰਤ ਕੀਤੇ ਗਏ ਖਰਚੇ ਸਬੰਧੀ ਪੂਰੀ ਚੌਕਸੀ ਵਰਤੀ ਜਾਵੇ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਤੇ ਹੋਰ ਜਨਤਕ ਸਮਾਗਮਾਂ ਦੀ ਮੁਕੰਮਲ ਵੀਡੀਓਗ੍ਰਾਫੀ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੀਤੇ ਜਾਣ ਵਾਲੇ ਖਰਚੇ ਦਾ ਪੂਰਾ ਰਿਕਾਰਡ ਰੱਖਿਆ ਜਾ ਸਕੇ। ਖਰਚਾ ਨਿਗਰਾਨ ਨੇ ਸਮੂਹ ਚੋਣ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਤ ਸਮੇਂ ਸੀਮਾ ਤਹਿਤ ਕੀਤਾ ਜਾਵੇ ਤਾਂ ਜੋ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀਆਂ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੋਜ਼ਾਨਾਂ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇਂ ਸਿਰ ਭੇਜਣੀਆਂ ਯਕੀਨੀ ਬਣਾਈਆਂ ਜਾਣ ਤਾਂ ਜੋ ਉਨ੍ਹਾਂ ਰਿਪੋਰਟਾਂ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨਾਗਰਿਕ ਚੋਣਾਂ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਦਾ ਢੁੱਕਵਾਂ ਸਬੂਤ ਵੀ ਹਾਸਲ ਕੀਤਾ ਜਾਵੇ। ਇਸ ਉਪਰੰਤ ਉਹਨਾਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈਲ, ਸੀ-ਵਿਜੀਲ ਮੋਨੀਟਰਿੰਗ ਸੈਲ ਦੇ ਕੰਮ ਦਾ ਵੀ ਜਾਇਜਾ ਲਿਆ । ਇਸ ਮੌਕੇ ਸਹਾਇਕ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਹਰਬੰਸ ਸਿੰਘ,ਚੋਣ ਤਹਿਸੀਲਦਾਰ ਬ੍ਰਿਜ ਮੋਹਨ , ਜ਼ਿਲ੍ਹਾ ਮਾਲ ਅਫ਼ਸਰ ਸ੍ਰੀਮਤੀ ਮਨਦੀਪ ਕੌਰ, ਮਨਪ੍ਰੀਤ ਸਿੰਘ , ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਮੌਜੂਦ ਸਨ ।