ਜ਼ਿਲ੍ਹੇ ਦੇ 203 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ- ਐਸ.ਐਸ.ਪੀ
ਜ਼ਿਲ੍ਹੇ ਦੇ ਵੋਟਰਾਂ 'ਚ ਆਤਮ ਵਿਸ਼ਵਾਸ ਵਧਾਉਣ ਲਈ, ਫਲੈਗ ਮਾਰਚ, ਜਾਗਰੂਕਤਾ ਗਤੀਵਿਧੀਆਂ,ਚੈਕਿੰਗ ਅਭਿਆਨ ਲਗਾਤਾਰ ਜਾਰੀ- ਡਾ ਸਿਰਮਤ ਕੌਰ
ਮਾਲੇਰਕੋਟਲਾ : ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਜ਼ਿਲ੍ਹਾ ਪੁਲਿਸ ,ਮੁਖੀ ਡਾ ਸਿਰਮਤ ਕੌਰ ਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਦੋਵੇ ਵਿਧਾਨ ਸਭਾ ਹਲਕਿਆਂ ਵਿਖੇ ਸਥਾਪਿਤ ਕੀਤੇ 400 ਪੋਲਿੰਗ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾ ਦੀ ਸਮੀਖਿਆ ਕਰਨ ਲਈ ਵਿਸ਼ੇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਪੈਂਦੇ ਦੋਵੇ ਸੰਸਦੀ ਹਲਕਿਆਂ ਵਿੱਚ ਮੈਪਿੰਗ ਦੌਰਾਨ 85 ਲੁਕੇਸ਼ਨਾਂ ਤੇ 203 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ। ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਵਿਖੇ 56 ਲੁਕੇਸ਼ਨਾਂ ਤੇ 147 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ ਅਸੈਂਬਲੀ ਸੈਗਮੈਂਟ10 ਅਮਰਗੜ੍ਹ ਅਧੀਨ 29 ਲੁਕੇਸ਼ਨਾਂ ਤੇ 56 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲ ਦੀ ਵੀ ਤਾਇਨਾਤੀ ਕੀਤੇ ਜਾਵੇਗੀ। ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਡਾ ਪੱਲਵੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਆਮ ਚੋਣਾਂ ਦੌਰਾਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਚੋਣਾਂ ਦੌਰਾਨ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਡਾ ਸਿਮਰਤ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾ ਦੇ ਮੱਦੇ ਨਜ਼ਰ ਜ਼ਿਲ੍ਹੇ ਵਿੱਚ ਵਾਧੂ 13 ਪੈਰਾ ਮਿਲਟਰੀ ਫੋਰਸਜ਼ ਦੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਖੇਤਰਾਂ ਵਿੱਚ ਨਿਯਮਿਤ ਤੌਰ 'ਤੇ ਆਤਮ-ਵਿਸ਼ਵਾਸ ਵਧਾਉਣ ਦੇ ਮਕਸਦ ਨਾਲ ਪੁਲਿਸ ਪ੍ਰਸਾਸ਼ਨ ਵਲੋਂ ਲਗਾਤਰ ਫਲੈਗ ਮਾਰਚ, ਜਾਗਰੂਕਤਾ ਗਤੀਵਿਧੀਆਂ, ਚੈਕਿੰਗ ਅਭਿਆਨ ਆਦਿ ਆਰੰਭੇ ਗਏ ਹਨ ਤਾਂ ਜੋ ਲੋਕਾਂ ਦੇ ਲੋਕਤੰਤਰੀ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਹਰ ਪੋਲਿੰਗ ਬੂਥ 'ਤੇ ਨਿਰਪੱਖ ਅਤੇ ਪਾਰਦਰਸ਼ੀ ਮਤਦਾਨ ਨੂੰ ਯਕੀਨੀ ਬਣਾਉਣ ਲਈ ਭਗੌੜੇ ਮੁਜ਼ਰਮਾਂ, ਪੈਰੋਲ ਜੰਪਰਾਂ, ਗੜਬੜੀ ਕਰਨ ਵਾਲਿਆਂ, ਨਸ਼ਾ ਤਸਕਰਾਂ ਅਤੇ ਗ਼ੈਰਜਮਾਨਤੀ ਵਰੰਟਾਂ ਵਾਲਿਆਂ 'ਤੇ ਤਿੱਖੀ ਨਜ਼ਰ ਰੱਖਦਿਆਂ ਨਿਯਮਾਂ ਮੁਤਾਬਕ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਉਪਰ ਉਠ ਕੇ ਆਪਣੇ ਸੋਚ ਦੇ ਆਧਾਰ ਉਤੇ 01 ਜੂਨ ਨੂੰ ਚੋਣਾਂ ਦਾ ਪਰਵ ਵਾਲੇ ਦਿਨ ਆਪਣੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਦੇ ਸਹੀ ਅਧਿਕਾਰ ਅਤੇ ਉਸਦੀ ਤਾਕਤ ਬਾਰੇ ਜਾਣੂ ਕਰਵਾਇਆ ਜਾਵੇ ਇਸ ਮੌਕੇ ਸਹਾਇਕ ਰਿਟਰਾਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ, ਸਹਾਇਕ ਰਿਟਰਾਨਿੰਗ ਅਫ਼ਸਰ ਲੋਕ ਸਭਾ ਹਲਕਾ 08 ਫ਼ਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀ ਗੁਰਮੀਤ ਕੁਮਾਰ ਬਾਂਸਲ, ਡੀ.ਐਸ .ਪੀਰਕ. ਮਾਲੇਰਕੋਟਲਾ ਸ੍ਰੀ ਗੁਰਦੇਵ ਸਿੰਘ, ਡੀ.ਐਸ.ਪੀ. ਅਮਰਗੜ੍ਹ ਸ੍ਰੀ ਐਸ.ਪੀ.ਸਿੰਘ, ਡੀ.ਐਸ.ਪੀ ਅਹਿਮਦਗੜ੍ਹ ਸ੍ਰੀ ਅਮ੍ਰਿੰਤਪਾਲ ਸਿੰਘ, ਈਲੇਕਸ਼ਨ ਇੰਚਾਰਜ ਇੰਸਪੈਕਟਰ ਸ੍ਰੀ ਦੀਪਇੰਦਰ ਸਿੰਘ,ਤਹਿਸੀਲਦਾਰ ਚੋਣਾ ਸ੍ਰੀ ਬ੍ਰਿਜ ਮੋਹਨ, ਸ੍ਰੀ ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।