ਸੁਨਾਮ : ਸੁਨਾਮ ਸ਼ਹਿਰ ਦੇ ਵਾਰਡ ਨੰਬਰ ਗਿਆਰਾਂ ਅਤੇ ਨਵਾਂ ਬਾਜ਼ਾਰ ਦੀ ਬੈਕ ਸਾਈਡ ਘਰਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਭੜਕੀਆਂ ਔਰਤਾਂ ਨੇ ਮੰਗਲਵਾਰ ਨੂੰ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖ਼ਾਲੀ ਬਾਲਟੀਆਂ ਲੈਕੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।ਇਸ ਮੌਕੇ ਨਵਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਉਨਾਂ ਦੇ ਘਰਾਂ ਵਿੱਚ ਪਿਛਲੇ ਪੰਜ ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਮੁਹੱਲੇ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਨਾ ਆਉਣ ਕਾਰਨ ਬੱਚਿਆਂ ਦਾ ਨਹਾਉਣਾ ਤਾਂ ਦੂਰ ਦੀ ਗੱਲ ਹੈ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਉਨਾਂ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਤੁਰੰਤ ਉਪਰਾਲੇ ਕਰੇ ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।ਇਸ ਮੌਕੇ ਹਰਪਾਲ ਕੌਰ,ਚਰਨਜੀਤ ਕੌਰ,ਸਵਜੀਤ ਕੌਰ,ਲਕਸ਼ਮੀ ਰਾਣੀ,ਲਵਪ੍ਰੀਤ ਕੌਰ,ਮੋਨਿਕਾ ਰਾਣੀ,ਖੁਸ਼ਪਾਲ ਕੌਰ,ਅਵਨਜੀਤ ਕੌਰ,ਪ੍ਰਨੀਤ ਕੌਰ,ਜੀਵਨਜੋਤ ਕੌਰ ਅਤੇ ਬਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ। ਉਧਰ ਨਗਰ ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਉਕਤ ਮਾਮਲੇ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ। ਕਿਸੇ ਵੀ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।