ਏ.ਆਰ.ਓ ਮਾਲੇਰਕੋਟਲਾ ਦੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਲੋਕਤੰਤਰ ਦੀ ਮਜ਼ਬੂਤੀ ਲਈ 01 ਜੂਨ ਨੂੰ ਅੱਗੇ ਆਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ
'ਇਸ ਵਾਰ 70 ਪਾਰ' ਟੀਚੇ ਦੀ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ – ਏ.ਆਰ.ਓ ਮਾਲੇਰਕੋਟਲਾ
ਮਾਲੇਰਕੋਟਲਾ : ਸਵੈ ਰੋਜਗਾਰ ਮਹਿਲਾਵਾਂ ਦਾ ਸੰਗਠਨ " ਸੇਵਾ ਪੰਜਾਬ " ਨੇ 1 ਜੂਨ, 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਦਾ ਬੀੜਾ ਚੁਕਦਿਆਂ ਅੱਗੇ ਆਇਆ ਹੈ । ਇਸ ਸਵੈ ਸਹਾਇਤਾ ਗਰੁੱਪ ਨੇ ਮਹਿਲਾ ਵੋਟਰਾਂ ਦੇ ਨਾਲ ਨਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਹੇਠਲੇ ਪੱਧਰ ਤੱਕ ਵੋਟਰਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲਈ ਹੈ।ਅੱਜ ਸਵੈ ਰੋਜਗਾਰ ਮਹਿਲਾਵਾਂ ਦੇ ਸੰਗਠਨ ਵਲੋਂ ਜ਼ਿਲ੍ਹੇ ਦੀ ਆਵਾਮ ਨੂੰ ਸਵੀਪ ਗਤੀਵਿਧੀਆਂ ਤਹਿਤ ਮਾਲੇਰਕੋਟਲਾਂ ਦੀ ਹਸਤਕਲਾ 'ਦਸਤਕਾਰੀ' ਰਾਹੀਂ ਵੋਟਰ ਦੇ ਹੱਕ ਅਤੇ ਇਸਤੇਮਾਲ ਪ੍ਰਤੀ ਜਾਗਰੂਕ ਕਰਨ ਸਬੰਧੀ ਇੱਕ ਵਿਸ਼ੇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ ਅਤੇ ਡੀ.ਡੀ.ਐਫ ਆਸਿਫ ਖਾਂ ਵੀ ਮੌਜੂਦ ਸਨ । ਇਸ ਮੌਕੇ ਸੰਗਠਨ ਦੀਆਂ ਔਰਤਾਂ ਨੇ ਖੱਦਰ, ਵੈਲਵੇਟ,ਮਲਮਲ, ਸੂਤੀ,ਅਤੇ ਜੂਟ ਦੇ ਕੱਪੜੇ ਤੇ ਦਬਕਾ,ਆਰੀ, ਕੱਚਾ ਟਾਂਕਾ,ਪੈਂਟ, ਸਟੋਨ ਵਰਕ, ਗੋਟਾ ਪਤੀ, ਆਦਿ ਨਾਲ ਵੋਟਰਾਂ ਨੂੰ ਜਾਗਰੂਕ ਕਰਨ ਲਈ ਮਹਿਲਾ ਸਸ਼ਕਤੀਕਰਨ ਥੀਮ ਤੇ ਵੱਖ ਵੱਖ ਤਰ੍ਹਾਂ ਦੀਆਂ ਕਢਾਈਆਂ ਕਰਕੇ ਵੋਟਰਾਂ ਨੂੰ ਜਾਗਰੂਕ ਕਰਦਿਆ ਵੋਟ ਦੇ ਹੱਕ ਅਤੇ ਇਸਤੇਮਾਲ ਦਾ ਸੰਦੇਸ ਦਿੰਦਿਆਂ ਕਢਾਈਆ ਨੂੰ ਪ੍ਰਦਰਸ਼ਿਤ ਕੀਤਾ । ਸਹਾਇਕ ਰਿਟਰਨਿੰਗ ਅਫ਼ਸਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ ਨੇ " ਸੇਵਾ ਪੰਜਾਬ " ਦੇ ਗਰੁੱਪ ਮੈਂਬਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਨਾਰੀ ਸ਼ਕਤੀ ਨੂੰ ਚੇਤਨਾ ਦਾ ਪ੍ਰਤੀਕ ਮੰਨਿਆ ਗਿਆ ਹੈ, ਜਿਹੜੇ ਵੀ ਟੀਚੇ ਦੀ ਪ੍ਰਾਪਤੀ ਲਈ ਨਾਰੀ ਅੱਗੇ ਆਈ ਹੈ ਉਸ ਮੁਕਾਮ ਨੂੰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਮਿੱਥੇ ਗਏ 'ਇਸ ਵਾਰ 70 ਪਾਰ' ਟੀਚੇ ਦੀ ਪ੍ਰਾਪਤੀ ਲਈ ਅਸੀ ਵਚਨਬੱਧ ਹਾਂ ਇਸ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਵੱਖ ਵੱਖ ਸਵੀਪ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੀ ਵੋਟ ਪਾਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ।