ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿਖੇ ਇੱਕ ਮਹੱਤਵਪੂਰਨ ਖੋਜ ਅਧਿਐਨ ਰਾਹੀਂ ਖੋਜਕਰਤਾਵਾਂ ਵੱਲੋਂ ਇੱਕ ਨਿਵੇਕਲਾ ਫਲੋਰੋਸੈਂਟ ਸੈਂਸਰ ਵਿਕਸਿਤ ਕੀਤਾ ਗਿਆ ਹੈ ਜੋ ਜ਼ਹਿਰੀਲੇ ਧਾਤ ਦੇ ਆਇਨਾਂ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ। ਇਹ ਅਧਿਐਨ ਖੋਜਾਰਥੀ ਪ੍ਰੋਮਿਲਾ ਸ਼ਰਮਾ ਵੱਲੋਂ ਪ੍ਰੋ. ਅਸ਼ੋਕ ਮਲਿਕ ਅਤੇ ਪ੍ਰੋ. ਮੁਹੰਮਦ ਯੂਸਫ਼ ਦੀ ਅਗਵਾਈ ਵਿੱਚ ਕੀਤਾ ਗਿਆ ਹੈ। ਖੋਜਾਰਥੀ ਪ੍ਰੋਮਿਲਾ ਸ਼ਰਮਾ ਨੇ ਦੱਸਿਆ ਕਿ ਇਹ ਫਲੋਰੋਸੈਂਟ ਸੈਂਸਰ ਖਾਸ ਤੌਰ ਉੱਤੇ ਕੈਡਮੀਅਮ, ਆਇਰਨ, ਆਇਨਾਂ ਅਤੇ ਪਿਕਰਿਕ ਨਾਮਕ ਐਸਿਡ, ਜੋ ਕਿ ਵਿਸਫੋਟਕਾਂ ਵਿੱਚ ਵਰਤਿਆ ਜਾਂਦਾ ਇੱਕ ਜੈਵਿਕ ਮਿਸ਼ਰਣ ਹੈ, ਨੂੰ ਸੂਖਮ-ਪੱਧਰ ਉੱਤੇ ਲੱਭ ਲੈਣ ਵਿੱਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਵਾਤਾਵਰਣ ਦੀ ਨਿਗਰਾਨੀ ਅਤੇ ਜਨਤਕ ਸੁਰੱਖਿਆ ਉਪਾਵਾਂ ਦੇ ਹਵਾਲੇ ਨਾਲ਼ ਅਹਿਮੀਅਤ ਰਖਦੀ ਹੈ। ਪ੍ਰੋ. ਅਸ਼ੋਕ ਮਲਿਕ ਨੇ ਦੱਸਿਆ ਕਿ ਇਹ ਸੈਂਸਰ ਖਾਸ ਜ਼ਹਿਰੀਲੀਆਂ ਧਾਤਾਂ ਅਤੇ ਵਿਸਫੋਟਕ ਰਸਾਇਣਾਂ ਦਾ ਸਾਹਮਣਾ ਕਰਨ ਉਤੇ ਫਲੋਰੋਸੈਂਸ ਭਾਵ ਸਫ਼ੇਦ ਚਮਕੀਲੀ ਰੌਸ਼ਨੀ ਛੱਡਣ ਲਈ ਛੋਟੇ ਜੈਵਿਕ ਅਣੂਆਂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੂਖਮ-ਪੱਧਰ ਉੱਤੇ ਅਜਿਹਾ ਕਰ ਸਕਣ ਦੀ ਇਹ ਸਮਰਥਾ ਨਾ ਸਿਰਫ਼ ਇਨ੍ਹਾਂ ਖਤਰਨਾਕ ਪਦਾਰਥਾਂ ਨੂੰ ਲੱਭ ਲੈਣਾ ਯਕੀਨੀ ਬਣਾਉਂਦੀ ਹੈ ਜੋ ਕਿ ਪਹਿਲਾਂ ਕਿਸੇ ਹੋਰ ਤਰੀਕੇ ਨਾਲ਼ ਖੋਜੇ ਨਹੀਂ ਜਾ ਸਕਦੇ ਸਨ, ਸਗੋਂ ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ-ਸਬੰਧੀਬੁਸਿਹਤ ਜੋਖ਼ਮਾਂ ਦੀ ਰੋਕਥਾਮ ਪੱਖੋਂ ਵੀ ਇਹ ਇੱਕ ਮਹੱਤਵਪੂਰਨ ਕਦਮ ਹੈ। ਪ੍ਰੋ. ਮੁਹੰਮਦ ਯੂਸਫ਼ ਨੇ ਦੱਸਿਆ ਕਿ ਇਸ ਖੋਜ ਦੀ ਮਹੱਤਵਪੂਰਣ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਅਸਲ ਪਾਣੀ ਦੇ ਨਮੂਨਿਆਂ ਵਿੱਚ ਇਸ ਸੈਂਸਰ ਦੀ ਸਫਲ ਵਰਤੋਂ ਕੀਤੀ ਗਈ ਹੈ। ਪਾਣੀ ਦੀ ਗੁਣਵੱਤਾ ਸੰਬੰਧੀ ਜਾਂਚ ਲਈ ਇਸ ਸੈਂਸਰ ਦੀ ਅਜਿਹੀ ਸਮਰੱਥਾ ਕਾਰਨ ਜਨ-ਸਿਹਤ ਅਤੇ ਵਾਤਾਵਰਣ ਲਈ ਖ਼ਤਰਾ ਪੈਦਾ ਕਰਨ ਵਾਲੇ ਪਦਾਰਥਾਂ ਦੀ ਛੇਤੀ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦੇ ਪ੍ਰਭਾਵ ਵਿਸ਼ਾਲ ਪੱਧਰ ਉੱਤੇ ਹਨ। ਇਹ ਪਾਣੀ ਦੀ ਜਾਂਚ ਲਈ ਵਧੇਰੇ ਕੁਸ਼ਲ, ਲਾਗਤ ਪੱਖੋਂ ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਤਰੀਕਿਆਂ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਵਾਲਾ ਅਧਿਐਨ ਹੈ ਜੋ ਵਾਤਾਵਰਣ ਦੀ ਸੰਭਾਲ ਅਤੇ ਜਨਤਕ ਸਿਹਤ ਸੁਰੱਖਿਆ ਦੇ ਖੇਤਰ ਵਿੱਚ ਹੋ ਰਹੇ ਵਿਸ਼ਵਵਿਆਪੀ ਯਤਨਾਂ ਵਿੱਚ ਯੋਗਦਾਨ ਪਾਉਂਦਾ ਹੈ।