ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ (ਅ:ਜ:) ਅੰਦਰ ਪੈਂਦੇ 09 ਵਿਧਾਨ ਸਭਾ ਹਲਕਿਆਂ ਨੂੰ ਸੌਂਪੀਆਂ ਗਈਆਂ ਮਸ਼ੀਨਾਂ
ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕਰਵਾਈ ਗਈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰਕ੍ਰਿਆ ਦੀ ਨਿਗਰਾਨੀ ਜਨਰਲ ਚੋਣ ਅਬਜ਼ਰਬਰ ਸ਼੍ਰੀ ਰਾਕੇਸ਼ ਸ਼ੰਕਰ, ਆਈ.ਏ.ਐਸ. ਅਤੇ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕੀਤੀ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਕਮਿਸ਼ਨਿੰਗ ਦੌਰਾਨ ਕੁਝ ਹਲਕਿਆਂ ਦੀਆਂ ਮਸ਼ੀਨਾਂ ਖਰਾਬ ਪਾਈਆਂ ਗਈਆਂ ਸਨ ਅਤੇ ਅੱਜ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਦੌਰਾਨ ਖਰਾਬ ਹੋਈਆਂ ਮਸ਼ੀਨਾਂ ਦੇ ਨਾਲ-ਨਾਲ ਵਾਧੂ ਮਸ਼ੀਨਾਂ ਵੀ ਅਲਾਟ ਕੀਤੀਆਂ ਗਈਆਂ ਹਨ ਤਾਂ ਜੋ ਚੋਣ ਪ੍ਰਕ੍ਰਿਆ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਚੋਣ ਪ੍ਰਕ੍ਰਿਆ ਪਾਰਦਰਸ਼ੀ ਤੇ ਨਿਰਪੱਖ ਰੂਪ ਵਿੱਚ ਕਰਵਾਉਣ ਲਈ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਅੱਜ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਦੌਰਾਨ ਵਿਧਾਨ ਸਭਾ ਹਲਕਾ 54-ਬਸੀ ਪਠਾਣਾ, ਵਿਧਾਨ ਸਭਾ ਹਲਕਾ 55-ਫ਼ਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਹਲਕਾ 56-ਅਮਲੋਹ ਲਈ 3-3 ਬੈਲਟ ਯੂਨਿਟ, 5-5 ਕੰਟਰੋਲ ਯੂਨਿਟ ਅਤੇ 10-10 ਵੀ.ਵੀ.ਪੈਟ ਮਸ਼ੀਨਾਂ ਸਪਲਾਈ ਕੀਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ 57-ਖੰਨਾ ਲਈ 02 ਬੈਲਟ ਯੂਨਿਟ, 02 ਕੰਟਰੋਲ ਯੂਨਿਟ ਅਤੇ 14 ਵੀ.ਵੀ.ਪੈਟ, ਵਿਧਾਨ ਸਭਾ ਹਲਕਾ 58-ਸਮਰਾਲਾ ਲਈ 02 ਬੈਲਟ ਯੂਨਿਟ, 01 ਕੰਟਰੋਲ ਯੂਨਿਟ ਅਤੇ 15 ਵੀ.ਵੀ.ਪੈਟ ਸਪਲਾਈ ਕੀਤੇ ਗਏ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 59-ਸਾਹਨੇਵਾਲ ਲਈ 03 ਬੈਲਟ ਯੂਨਿਟ, 06 ਕੰਟਰੋਲ ਯੂਨਿਟ, 14 ਵੀ.ਵੀ.ਪੈਟ, ਵਿਧਾਨ ਸਭਾ ਹਲਕਾ 67- ਪਾਇਲ ਲਈ 02 ਬੈਲਟ ਯੂਨਿਟ, 06 ਕੰਟਰੋਲ ਯੂਨਿਟ ਅਤੇ 14 ਵੀ.ਵੀ.ਪੈਟ ਸਪਲਾਈ ਕੀਤੇ ਗਏ ਹਨ। ਵਿਧਾਨ ਸਭਾ ਹਲਕਾ 69-ਰਾਏਕੋਟ ਲਈ 02 ਬੈਲਟ ਯੂਨਿਟ, 04 ਕੰਟਰੋਲ ਯੂਨਿਟ, 11 ਵੀ.ਵੀ.ਪੈਟ ਅਤੇ ਵਿਧਾਨ ਸਭਾ ਹਲਕਾ 106-ਅਮਰਗੜ੍ਹ ਲਈ 10 ਕੰਟਰੋਲ ਯੂਨਿਟ ਅਤੇ 10 ਵੀ.ਵੀ.ਪੈਟ ਸਪਲਾਈ ਕੀਤੇ ਗਏ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਰਾਣੀ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।