1950 ਨੰਬਰ 'ਤੇ ਵੀ ਹੁਣ ਤੱਕ 1494 ਲੋਕਾਂ ਨੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕੀਤੀ
ਪਟਿਆਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਆਪੋ-ਆਪਣੇ ਇਲਾਕੇ 'ਚ ਆਦਰਸ਼ ਚੋਣ ਜਾਬਤੇ ਦੀ ਕਿਸੇ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਸੀ-ਵਿਜਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੋਟਰ ਲੋਕ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਚੋਣ ਜਾਬਤੇ ਦੀ ਉਲੰਘਣਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ-ਵਿਜਿਲ ਐਪ ਲੋਕਾਂ ਲਈ ਇੱਕ ਅਜਿਹਾ ਟੂਲ ਸਾਬਤ ਹੋ ਰਿਹਾ ਹੈ, ਜਿਸ ਨਾਲ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਇਸ 'ਤੇ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਐਪ 'ਤੇ ਪੁੱਜੀਆਂ 520 ਸ਼ਿਕਾਇਤਾਂ ਵਿੱਚੋਂ ਸਹੀ ਪਾਈਆਂ ਗਈਆਂ 415 ਸ਼ਿਕਾਇਤਾਂ ਦਾ ਮਿਥੇ ਸਮੇਂ ਦੇ ਅੰਦਰ-ਅੰਦਰ ਨਿਪਟਾਰਾ ਕਰਵਾ ਦਿੱਤਾ ਗਿਆ ਹੈ। ਜਦੋਂਕਿ ਪਿਛਲੇ 24 ਘੰਟਿਆਂ 'ਚ 38 ਸ਼ਿਕਾਇਤਾਂ ਆਈਆਂ, ਇਨ੍ਹਾਂ 'ਚੋਂ ਸਹੀ ਪਾਈਆਂ ਗਈਆਂ 32 ਦਾ ਮਿਥੇ ਸਮੇਂ ਸਿਰ ਨਿਪਟਾਰਾ ਕਰਵਾ ਦਿੱਤਾ ਹੈ।
ਜਦੋਂਕਿ 1950 ਹੈਲਪਲਾਈਨ ਵੀ ਵੋਟਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ 'ਤੇ ਹੁਣ ਤੱਕ 1494 ਕਾਲਾਂ ਪ੍ਰਾਪਤ ਹੋਈਆਂ ਹਨ। ਜਦੋਂਕਿ ਪਿਛਲੇ 24 ਘੰਟਿਆਂ 'ਚ 33 ਕਾਲਾਂ ਰਸੀਵ ਹੋਈਆਂ। ਇਸ ਹੈਲਪਲਾਈਨ 'ਤੇ ਲੋਕਾਂ ਵੱਲੋਂ ਸਹਾਇਤਾ ਲਈ ਫੋਨ ਕਾਲ ਕਰਨ ਦੇ ਨਾਲ-ਨਾਲ ਆਪਣੀ ਵੋਟਾਂ ਨਾਲ ਸਬੰਧਤ ਜਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਹਰ ਜਾਣਕਾਰੀ ਉਨ੍ਹਾਂ ਦੇ ਫੋਨ 'ਤੇ ਤੁਰੰਤ ਇਕ ਕਲਿਕ ਨਾਲ ਮੁਹਈਆ ਕਰਵਾਉਣ ਲਈ ਕਈ ਮੋਬਾਇਲ ਐਪਸ ਤਿਆਰ ਕੀਤੀਆਂ ਹਨ, ਜਿਨ੍ਹਾਂ ਦਾ ਫਾਇਦਾ ਲੈਕੇ ਵੋਟਰ ਆਪਣੀਆਂ ਵੋਟਾਂ ਦੀ ਜਾਣਕਾਰੀ ਲੈਣ ਸਮੇਤ ਚੋਣ ਜਾਬਤੇ ਦੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਤੱਕ ਪੁੱਜਦੀਆਂ ਕਰ ਸਕਦੇ ਹਨ।