ਸੁਨਾਮ : ਸੁਨਾਮ ਬਲਾਕ ਦੇ ਪਿੰਡ ਛਾਜਲੀ ਵਿਖੇ ਖੇਤ ਮਜ਼ਦੂਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਠੇਕੇ ਤੇ ਲੈਣ ਵਿੱਚ ਸਫਲ ਰਹੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ,ਪਿੰਡ ਇਕਾਈ ਦੇ ਆਗੂ ਸੰਦੀਪ ਸਿੰਘ ਅਤੇ ਗੁਰੀ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਛਾਜਲੀ ਪਿੰਡ ਦੀ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਉੱਪਰ ਪਿੰਡ ਦੇ ਖੇਤ ਮਜ਼ਦੂਰ ਘੱਟ ਰੇਟ ਤੇ ਜ਼ਮੀਨ ਸਾਂਝੇ ਤੌਰ ਤੇ ਤਕਰੀਬਨ ਸੌ ਤੋਂ ਵਧੇਰੇ ਪਰਿਵਾਰ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਛਾਜਲੀ ਵਿਖੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਪੁੱਜੇ ਤਾਂ ਖੇਤ ਮਜ਼ਦੂਰਾਂ ਨੇ ਸਰਬਸੰਮਤੀ ਨਾਲ ਦੋ ਵਿਅਕਤੀਆਂ ਸੰਦੀਪ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਸਕਿਉਰਟੀ ਜਮਾਂ ਕਰਵਾਈ ਗਈ ਦੋਵਾਂ ਵਿਅਕਤੀਆਂ ਵੱਲੋਂ ਪੰਚਾਇਤੀ ਰਿਜ਼ਰਵ ਕੋਟੇ ਜਮੀਨ ਦੀ ਬੋਲੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖੇਤ ਮਜ਼ਦੂਰਾਂ ਵੱਲੋਂ ਸਰਬ ਸੰਮਤੀ ਨਾਲ ਸੰਦੀਪ ਸਿੰਘ ਦੇ ਨਾਂਅ ਤੇ ਸਾਢੇ ਚਾਰ ਏਕੜ ਜ਼ਮੀਨ ਦੀ ਬੋਲੀ 98,300 ਰੁਪਏ ਤੇ ਹੋਈ। ਖੇਤ ਮਜਦੂਰਾਂ ਨੇ ਜਮੀਨ ਨਾਲ ਜੁੜੀਆਂ ਹੋਰ ਜੋ ਵੀ ਸਮੱਸਿਆ ਸੀ ਉਹ ਅਧਿਕਾਰੀਆਂ ਨੂੰ ਨੋਟ ਕਰਵਾਈਆਂ ਅਤੇ ਹੱਲ ਕਰਨ ਲਈ ਕਿਹਾ। ਬੀਡੀਪੀਓ ਦਫ਼ਤਰ ਦੇ ਅਧਿਕਾਰੀਆ ਨੇ ਖੇਤ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ।