ਸੁਨਾਮ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਨਾਲ ਗੱਠਜੋੜ ਕਰਨ ਦੀ ਬਜਾਏ ਕਾਂਗਰਸ ਪਾਰਟੀ ਨੂੰ ਇਕੱਲਿਆਂ ਹੀ ਲੋਕ ਸਭਾ ਚੋਣ ਲੜਨੀ ਚਾਹੀਦੀ ਸੀ ਤਾਂ ਪਾਰਟੀ ਹੋਰ ਸੀਟਾਂ ਤੇ ਜਿੱਤ ਦਰਜ਼ ਕਰਦੀ। ਉਨ੍ਹਾਂ ਕਿਹਾ ਦਿੱਲੀ 'ਚ 'ਆਪ' ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਕਾਂਗਰਸ ਨੂੰ ਸੱਤਾ ਵਿਰੋਧੀ ਸੋਚ ਦੀ ਕੀਮਤ ਚੁਕਾਉਣੀ ਪਈ ਹੈ। ਦਿੱਲੀ ਦੇ ਲੋਕ ਚਾਹੁੰਦੇ ਹੋਏ ਵੀ ਕਾਂਗਰਸ ਨੂੰ ਵੋਟ ਨਹੀਂ ਦੇ ਸਕੇ। ਸੁਨਾਮ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਦੇ ਗ੍ਰਹਿ ਵਿਖੇ ਪੁੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੀਟ ਪ੍ਰੀਖਿਆ ਲੀਕ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਸੀਬੀਆਈ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਮਨੀਪੁਰ ਹਿੰਸਾ ਮਾਮਲੇ ਵਿੱਚ ਸੀਬੀਆਈ ਇਨਸਾਫ਼ ਨਹੀਂ ਦੇ ਸਕੀ। ਨੀਟ ਪੇਪਰ ਲੀਕ ਮਾਮਲੇ ਤੋਂ ਬਾਅਦ ਹਜ਼ਾਰਾਂ ਵਿਦਿਆਰਥੀ ਡਿਪਰੈਸ਼ਨ ਵਿੱਚ ਚਲੇ ਗਏ ਹਨ ਅਤੇ ਪ੍ਰਧਾਨ ਮੰਤਰੀ ਚੁੱਪੀ ਧਾਰੀ ਬੈਠੇ ਹਨ। ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਜਾਂਚ ਦੀ ਮੰਗ ਕੀਤੀ ਹੈ। ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਕੇਂਦਰ ਦੇ ਫੈਸਲੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਹੈ। ਕਾਗਜ਼ 'ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਨਾਲ ਕੁਝ ਹਾਸਲ ਨਹੀਂ ਹੋਵੇਗਾ। ਪੰਜਾਬ ਸਰਕਾਰ ਨੇ ਮੂੰਗੀ 'ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਸੀ ਪਰ 11 ਫੀਸਦੀ ਮੂੰਗੀ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ 'ਤੇ ਕੀਤੀ ਗਈ ਅਤੇ ਬਾਕੀ ਦੀ ਫਸਲ ਕਿਸਾਨਾਂ ਨੂੰ ਚੌਥਾਈ ਤੋਂ ਅੱਧੇ ਭਾਅ 'ਤੇ ਵੇਚਣੀ ਪਈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਜ਼ੀਰੋ ਕਾਰਗੁਜ਼ਾਰੀ ਰਹੀ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਸੀਟ ਵਿੱਚ ਪਾਰਟੀ ਦੀਆਂ ਕੁੱਝ ਕਮਜ਼ੋਰੀਆਂ ਰਹੀਆਂ ਹਨ, ਕਾਂਗਰਸ ਪਾਰਟੀ ਇਨ੍ਹਾਂ 'ਤੇ ਵਿਚਾਰ ਕਰਕੇ ਠੋਸ ਫੈਸਲਾ ਲਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਆਸ ਕਾਂਗਰਸ 'ਤੇ ਟਿਕੀ ਹੋਈ ਹੈ ਅਤੇ ਕਾਂਗਰਸ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾਂ, ਸਾਬਕਾ ਸਰਪੰਚ ਜਗਦੇਵ ਸਿੰਘ ਜੱਗਾ, ਰਿੰਪਲ ਧਾਲੀਵਾਲ, ਬਲਾਕ ਕਾਂਗਰਸ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਪ੍ਰਮੋਦ ਅਵਸਥੀ ਆਦਿ ਆਗੂ ਹਾਜ਼ਰ ਸਨ।