ਸੁਨਾਮ : ਵੀਰਵਾਰ ਨੂੰ ਤੜਕਸਾਰ ਸੁਨਾਮ ਵਿਖੇ ਮੌਸਮ ਦੀ ਪਈ ਪਹਿਲੀ ਬਰਸਾਤ ਨੇ ਸ਼ਹੀਦ ਊਧਮ ਸਿੰਘ ਮਿਉਂਸਪਲ ਬੱਸ ਸਟੈਂਡ ਦੇ ਪਾਣੀ ਨਿਕਾਸੀ ਅਤੇ ਸਫ਼ਾਈ ਪ੍ਰਬੰਧਾਂ ਨੇ ਪੋਲ ਖੋਲ੍ਹ ਦਿੱਤੀ ਹੈ।ਬੱਸ ਸਟੈਂਡ ਪਾਣੀ ਨਾਲ ਭਰ ਗਿਆ ਅਤੇ ਸਫ਼ਾਈ ਪੱਖੋਂ ਕੂੜੇ ਨੇ ਅੱਡੇ ਦੀ ਦਸ਼ਾ ਵਿਗਾੜ ਦਿੱਤੀ। ਜਿਸ ਕਾਰਨ ਆਉਣ ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਖੜੇ ਪਾਣੀ ਵਿੱਚ ਹੀ ਉਤਰਨਾ ਪਿਆ ਅਤੇ ਪਾਣੀ ਵਿਚੋਂ ਹੀ ਚੜਣ ਲਈ ਮਜਬੂਰ ਹੋਣਾ ਪਿਆ ਜਿਸ ਨਾਲ ਉਨ੍ਹਾਂ ਦੇ ਕੱਪੜੇ ਅਤੇ ਹੋਰ ਸਮਾਨ ਖਰਾਬ ਹੁੰਦਾ ਰਿਹਾ। ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ ਉਥੇ ਬੱਸ ਸਟੈਂਡ ਅੰਦਰ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਖੜੋਤ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਲਾਉਣ ਵਿੱਚ ਦਿੱਕਤ ਹੋ ਰਹੀ ਸੀ ਉਥੇ ਹੀ ਪਾਣੀ ਖੜਣ ਕਾਰਨ ਦੁਕਾਨਾਂ ਵਿੱਚ ਗਾਹਕ ਵੀ ਨਹੀਂ ਪੁਹੰਚ ਸਕੇ। ਇਸ ਮੌਕੇ ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਬੱਸ ਸਟੈਂਡ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਜਾਂਦੇ ਹਨ। ਪਰ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵੀ ਸਾਰਥਕ ਇੰਤਜ਼ਾਮ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ।