ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ 160ਵੀਂ ਬਰਸੀ ਮੌਕੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਕਲਾ ਅਤੇ ਵਿਚਾਰ ਦੇ ਮਾਮਲੇ ਵਿਚ ਰਾਬਿੰਦਰ ਨਾਥ ਟੈਗੋਰ ਦੀ ਬ੍ਰਹਿਮੰਡੀ ਸੰਜੀਦਗੀ ਦੇ ਵਿਸ਼ੇ ਨੂੰ ਅਧਾਰ ਬਣਾ ਕੇ ਕਰਵਾਏ ਇਸ ਵੈਬੀਨਾਰ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕੀਤੀ ਗਈ। ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਅਰਵਿੰਦ ਨੇ ਕਿਹਾ ਕਿ ਰਾਬਿੰਦਰ ਨਾਥ ਟੈਗੋਰ ਨੇ ਜਿਸ ਤਰ੍ਹਾਂ ਬਲਰਾਜ ਸਾਹਨੀ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਤ ਕੀਤਾ ਸੀ, ਉਹ ਦਰਸਾਉਂਦਾ ਹੈ ਕਿ ਉਹ ਮਾਤ ਭਾਸ਼ਾ ਨੂੰ ਕਿੰਨੀ ਅਹਿਮੀਅਤ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੀ ਇਸੇ ਤਰ੍ਹਾਂ ਦੀ ਪ੍ਰੇਰਣਾ ਅਤੇ ਕਾਰਜ ਨੂੰ ਪ੍ਰਣਾਈ ਹੋਈ ਹੈ। ਇਸ ਲਈ ਗੁਰੂਦੇਵ ਟੈਗੋਰ ਬਾਰੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਯੂਨੀਵਰਸਿਟੀ ਦੇ ਆਪਣੇ ਮੰਤਵ ਅਤੇ ਮਨੋਰਥ ਨਾਲ਼ ਜੁੜਿਆ ਹੋਇਆ ਹੈ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਗੁਰੂਦੇਵ ਟੈਗੋਰ ਦੀ ਸ਼ਖ਼ਸੀਅਤ ਅਤੇ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਦੀ ਦੇਣ ਨੂੰ ਲੈ ਕੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਵੈਬੀਨਾਰ ਦੇ ਬੁਲਾਰੇ ਡਾ. ਅਮਰਿਤ ਸੇਨ, ਪ੍ਰੋਫ਼ੈਸਰ, ਵਿਸ਼ਵ- ਭਾਰਤੀ ਸ਼ਾਂਤੀ ਨਿਕੇਤਨ, ਡਾ. ਅਨੁਰਾਧਾ ਘੋਸ਼, ਪ੍ਰੋਫ਼ੈਸਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਡਾ. ਸ਼ਾਂਤਨੂ ਘੋਸ਼, ਮੁਖੀ ਅੰਗਰੇਜ਼ੀ ਅਧਿਐਨ ਵਿਭਾਗ, ਅਕਾਲ ਯੂਨੀਵਰਸਿਟੀ ਵੱਲੋਂ ਮੁੱਖ ਵਿਸ਼ੇ ਉੱਪਰ ਆਪਣੇ ਅਹਿਮ ਵਿਚਾਰ ਪ੍ਰਗਟਾਏ ਗਏ। ਬੁਲਾਰਿਆਂ ਵੱਲੋਂ ਗੁਰੂਦੇਵ ਟੈਗੋਰ ਦੀ ਵਿਚਾਰਧਾਰਾ ਬਾਰੇ ਵਿਸਥਾਰ ਵਿਚ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਉਹ ਸਥਾਨਕਤਾ ਅਤੇ ਵਿਸ਼ਵੀ ਪਹੁੰਚ ਦੇ ਸੁਮੇਲ ਵਾਲੀ ਸੋਚ ਦੇ ਧਾਰਨੀ ਸਨ ਜਿਨ੍ਹਾਂ ਨੇ ਵਿਸ਼ਵ ਭਰ ਵਿਚ ਭਾਰਤੀ ਸਾਹਿਤ ਦਾ ਨਾਮ ਉੱਚਾ ਕੀਤਾ। ਉਨ੍ਹਾਂ ਦੀ ਪੰਜਾਬੀਅਤ ਨਾਲ ਸੰਬੰਧਤਾ ਅਤੇ ਪੰਜਾਬੀ ਭਾਸ਼ਾ ਲਈ ਟੈਗੋਰ ਦੀ ਪ੍ਰਸੰਗਿਕਤਾ ਦੇ ਹਵਾਲੇ ਨਾਲ ਵੀ ਵਿਚਾਰ ਪੇਸ਼ ਕੀਤੇ ਗਏ। ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਵੱਲੋਂ ਪੇਸ਼ ਕੀਤੇ ਗਏ। ਵੈਬੀਨਾਰ ਕੋਆਰਡੀਨੇਟਰ ਡਾ. ਨਵਜੋਤ ਖੋਸਲਾ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ।