ਜੈਨੇਵਾ : NASA ਵਲੋਂ ਮੰਗਲ ਗ੍ਰਿਹਿ ਉਤੇ ਭੇਜੇ ਰੋਵਰ ਨੇ ਪਹਿਲਾਂ ਵੀ ਕਾਫੀ ਤਸਵੀਰਾਂ ਭੇਜੀਆਂ ਸਨ ਅਤੇ ਹੁਣ ਇਸ ਰੋਵਰ ਨੇ ਉਥੋ ਦੀਆਂ ਕੁਝ ਆਵਾਜ਼ਾਂ ਵੀ ਰਿਕਾਰਡ ਕਰ ਕੇ ਭੇਜੀਆਂ ਹਨ। ਜਾਣਕਾਰੀ ਅਨੁਸਾਰ ਹੁਣ ਨਾਸਾ ਨੇ ਮੰਗਲ ਦੀ ਹਵਾ ’ਚ ਆਪਣੇ ਛੋਟੇ ਹੈਲੀਕਾਪਟਰ ਦੀ ਆਵਾਜ਼ ਸਾਂਝੀ ਕੀਤੀ ਹੈ। ਕੈਲੀਫੋਰਨੀਆ ਸਥਿਤ ਨਾਸਾ ਦੀ ਜੈੱਟ ਪ੍ਰੋਪਲਸਨ ਲੈਬੋਰਟਰੀ ਨੇ ਆਪਣੇ ਤਰ੍ਹਾਂ ਦਾ ਪਹਿਲਾ ਵੀਡੀਓ ਸ਼ੁੱਕਰਵਾਰ ਨੂੰ ਸਾਂਝਾ ਕੀਤਾ। ਇਸ ਤੋਂ ਕੁਝ ਦੇਰ ਬਾਅਦ ਹੀ ਹੈਲੀਕਾਪਟਰ ਨੇ ਆਪਣੀ ਪੰਜਵੀਂ ਪ੍ਰੀਖਣ ਉਡਾਣ ਪੂਰੀ ਕੀਤੀ। ਇਹ ਨਵੇਂ ਹਵਾਈ ਖੇਤਰ ’ਚ ਉਸ ਦੀ ਇਕਤਰਫਾ ਯਾਤਰਾ ਸੀ। ਦੱਸਣਯੋਗ ਹੈ ਕਿ ਨਾਸਾ ਪਹਿਲੀ ਵਾਰ ਕਿਸੇ ਦੂਸਰੇ ਗ੍ਰਹਿ ’ਤੇ ਕੋਈ ਏਅਰਕ੍ਰਾਫਟ ਉਡਾ ਰਿਹਾ ਹੈ। ਇਹ ਹੈਲੀਕਾਪਟਰ ਮੰਗਲ ਗ੍ਰਹਿ ’ਤੇ 18 ਫਰਵਰੀ ਨੂੰ ਪੁੱਜਾ ਸੀ। 19 ਅਪ੍ਰੈਲ ਨੂੰ ਇਸ ਨੇ ਪਹਿਲੀ ਉਡਾਣ ਭਰੀ ਸੀ।
ਇਕ ਹਫ਼ਤਾ ਪਹਿਲਾਂ ਚੌਥੀ ਉਡਾਣ ਦੌਰਾਨ ਇਕ ਮਿੰਟ ’ਚ 2500 ਵਾਰ ਘੁੰਮਣ ਵਾਲੇ ਹੈਲੀਕਾਪਟਰ ਬਲੇਡ ਦੀ ਪਤਲੀ ਆਵਾਜ਼ ਮੁਸ਼ਕਲ ਨਾਲ ਸੁਣੀ ਜਾ ਸਕਦੀ ਸੀ। ਇਹ ਦੂਰ ’ਚ ਭਿਣ-ਭਿਣਾਉਂਦੇ ਮੱਛਰ ਜਾਂ ਕਿਸੇ ਉੱਡਦੇ ਕੀੜੇ ਦੀ ਆਵਾਜ਼ ਵਰਗੀ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ 1.8 ਕਿਲੋਗ੍ਰਾਮ ਦਾ ਹੈਲੀਕਾਪਟਰ ਰੋਵਰ ’ਤੇ ਲੱਗੇ ਮਾਈਕ੍ਰੋਫੋਨ ਤੋਂ 80 ਮੀਟਰ ਦੂਰ ਸੀ। ਇਸ ਤੋਂ ਇਲਾਵਾ ਹਵਾ ਦੇ ਬੁੱਲਿਆਂ ਨੇ ਹੈਲੀਕਾਪਟਰ ਦੀ ਆਵਾਜ਼ ਨੂੰ ਵੀ ਅਸਪੱਸ਼ਟ ਕਰ ਦਿੱਤਾ। ਬਾਅਦ ’ਚ ਵਿਗਿਆਨੀਆਂ ਨੇ ਘੁੰਮਦੇ ਬਲੇਡ ਦੀ ਆਵਾਜ਼ ਨੂੰ ਆਈਸੋਲੇਟ (ਵੱਖਰਾ) ਕਰ ਦਿੱਤਾ ਅਤੇ ਇਸ ਨੂੰ ਵਧਾ ਦਿੱਤਾ ਤਾਂਕਿ ਇਹ ਆਸਾਨੀ ਨਾਲ ਸੁਣਾਈ ਦੇ ਸਕੇ।