ਸੁਨਾਮ : ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਗਠਿਤ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਸੁਨਾਮ ਇਕਾਈ ਦੇ ਨਵੇਂ ਬਣੇ ਪ੍ਰਧਾਨ ਨਰੇਸ਼ ਕੁਮਾਰ ਭੋਲਾ ਦੀ ਅਗਵਾਈ ਹੇਠ ਹੋਈ ਪਲੇਠੀ ਮੀਟਿੰਗ ਵਿੱਚ ਵੱਖ ਵੱਖ ਟਰੇਡਾਂ ਦੇ ਕਾਰੋਬਾਰੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਵਪਾਰੀ ਆਗੂਆਂ ਨੇ ਨਰੇਸ਼ ਕੁਮਾਰ ਭੋਲਾ ਨਾਲ ਖੜ੍ਹਨ ਦਾ ਅਹਿਦ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਨਾਮ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ ਨੇ ਕਿਹਾ ਕਿ ਉਹ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਸਮੁੱਚੇ ਵਪਾਰੀ ਵਰਗ ਨੂੰ ਨਾਲ ਲੈਕੇ ਵਪਾਰਕ ਹਿੱਤਾਂ ਦੀ ਰਾਖੀ ਕਰਨਗੇ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਤੀਹ ਦੇ ਕਰੀਬ ਵੱਖ-ਵੱਖ ਵਪਾਰਕ ਜਥੇਬੰਦੀਆਂ ਨੇ ਉਨ੍ਹਾਂ ਨਾਲ ਜੁੜਨ ਦੀ ਹਾਮੀ ਭਰੀ ਹੈ। ਇਸ ਮੌਕੇ ਹਾਜ਼ਰ ਭੱਠਾ ਐਸੋਸੀਏਸ਼ਨ ਦੇ ਸੀਨੀਅਰ ਨੁਮਾਇੰਦੇ ਪ੍ਰੇਮ ਗੁਪਤਾ ਨੇ ਕਿਹਾ ਕਿ ਨਰੇਸ਼ ਭੋਲਾ ਦੇ ਪ੍ਰਧਾਨ ਬਣਨ ਨਾਲ ਵਪਾਰ ਜਗਤ ਵਿੱਚ ਉਤਸ਼ਾਹ ਹੈ। ਅਜੋਕੇ ਸਮੇਂ ਵਿੱਚ ਵਪਾਰੀਆਂ ਨੂੰ ਵੱਡੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਤਾਂ ਹੀ ਹੱਲ ਹੋ ਸਕਦੇ ਹਨ ਜੇਕਰ ਵਪਾਰੀ ਵਰਗ ਇਕਜੁੱਟ ਹੋਵੇ। ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਵਪਾਰੀ ਆਗੂ ਸੁਰੇਸ਼ ਬਾਂਸਲ ਨੇ ਆਨਲਾਈਨ ਖਰੀਦਦਾਰੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਥਾਨਕ ਵਪਾਰੀ ਹੀ ਅੱਗੇ ਆਉਂਦੇ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਕਾਰੋਬਾਰੀਆਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਜਗਜੀਤ ਸਿੰਘ ਆਹੂਜਾ, ਅਜੈ ਮਸਤਾਨੀ, ਭਾਰਤ ਭੂਸ਼ਨ ਗਰਗ, ਰਾਮ ਲਾਲ ਭਾਂਡਿਆਂ ਵਾਲੇ, ਸੁਰਜੀਤ ਸਿੰਘ ਆਨੰਦ, ਯੋਗਿੰਦਰ ਗੋਇਲ, ਤਰੁਣ ਬਾਂਸਲ, ਰਾਜੇਸ਼ ਕੁਮਾਰ ਪਾਲੀ, ਰਤਨ ਕੁਮਾਰ ਛਾਜਲੀ, ਸੰਜੇ ਮਧਾਨ, ਸੁਸ਼ੀਲ ਗੋਇਲ, ਰਾਜੀਵ ਸਿੰਗਲਾ, ਪਰਵੀਨ ਖੀਪਲਾ ਆਦਿ ਹਾਜ਼ਰ ਸਨ।