ਸੁਨਾਮ : ਸੂਬੇ ਅੰਦਰ ਨਸ਼ਿਆ ਦੇ ਫੈਲੇ ਮੱਕੜਜਾਲ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲਿਸ ਨੇ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਦੇਰ ਸ਼ਾਮ ਸੁਨਾਮ ਸ਼ਹਿਰ ਦੀ ਪੀਰ ਬੰਨਾ ਬਨੋਈ ਰੋਡ ਤੇ ਥਾਣਾ ਸ਼ਹਿਰੀ ਸੁਨਾਮ ਦੇ ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਆਯੋਜਿਤ ਕੀਤੇ ਨਸ਼ਾ ਵਿਰੋਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀਐਸਪੀ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਪਹਿਲੇ ਗੇੜ ਵਿੱਚ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਜਿੱਥੇ ਮਨੁੱਖ ਨੂੰ ਸਰੀਰਕ ਅਤੇ ਆਰਥਕ ਤੌਰ ਤੇ ਕਮਜ਼ੋਰ ਕਰਦੇ ਹਨ ਉੱਥੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀ ਨੂੰ ਸਮਾਜ ਅੰਦਰ ਵੀ ਨਿੰਮੋ ਝੂਣਾ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪ ਖੁਦ ਅਤੇ ਆਪਣੇ ਬੱਚਿਆਂ ਨੂੰ ਨਸ਼ਿਆ ਵਰਗੀਆਂ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਨੂੰ ਯਕੀਨੀ ਬਣਾਓ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਸਹਾਇਕ ਥਾਣੇਦਾਰ ਸ਼ਿਆਮ ਸਿੰਘ, ਰੀਡਰ ਏ ਐਸ ਆਈ ਰਾਜ ਕੁਮਾਰ ਤੋਂ ਇਲਾਵਾ ਸਾਬਕਾ ਕੌਂਸਲਰ ਜੰਗ ਸਿੰਘ, ਕਨਈਆ ਕੁਮਾਰ ਤੇ ਹੋਰ ਵਿਅਕਤੀ ਹਾਜ਼ਰ ਸਨ।