ਸੁਨਾਮ : ਕਿਸਾਨ ਆਗੂਆਂ ਖ਼ਿਲਾਫ਼ ਦਰਜ਼ ਕੀਤੇ ਝੂਠੇ ਮੁੱਕਦਮੇ ਰੱਦ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 11 ਜੁਲਾਈ ਤੋਂ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਅਮਨ ਅਰੋੜਾ, ਹਰਪਾਲ ਸਿੰਘ ਚੀਮਾਂ, ਡਾਕਟਰ ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਅਣਮਿੱਥੇ ਸਮੇਂ ਲਈ ਧਰਨਿਆਂ ਦੀਆਂ ਨੂੰ ਲੈਕੇ ਜਥੇਬੰਦੀ ਦੀ ਮੀਟਿੰਗ ਪਿੰਡ ਉਗਰਾਹਾਂ ਵਿਖੇ ਹੋਈ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਅਣਮਿੱਥੇ ਸਮੇਂ ਲਈ ਧਰਨੇ ਦੀ ਤਿਆਰੀ ਸਬੰਧੀ ਲਾਮਬੰਦੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਭਗਵਾਨ ਸਿੰਘ ਸੁਨਾਮ ਅਤੇ ਮਨੀ ਸਿੰਘ ਭੈਣੀ ਨੇ ਕਿਹਾ ਕਿ ਜਥੇਬੰਦੀ ਦੇ ਸੂਬਾਈ ਆਗੂ ਮਨਜੀਤ ਸਿੰਘ ਘਰਾਚੋਂ ਤੇ ਲਾਇਆ ਐੱਸ ਸੀ ਐਸ ਟੀ ਐਕਟ ਸਰਾਸਰ ਗਲਤ ਹੈ,ਇਹ ਧਾਰਾਵਾਂ ਸੰਗਰੂਰ ਪੁਲਿਸ ਪ੍ਰਸ਼ਾਸਨ ਨੇ ਕਥਿਤ ਤੌਰ ਤੇ ਕਿਸਾਨਾਂ ਖ਼ਿਲਾਫ਼ ਆਪਣੀ ਰੰਜਿਸ਼ ਕੱਢਣ ਲਈ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਲੱਡੀ ਤੇ ਪਾਇਆ ਝੂਠਾ ਕੇਸ ਵੀ ਜਾਇਜ਼ ਨਹੀਂ ਹੈ, ਕਿਉਂਕਿ ਜਗਤਾਰ ਲੱਡੀ ਘਟਨਾ ਸਥਾਨ ਤੇ ਮੌਜੂਦ ਹੀ ਨਹੀਂ ਸੀ, ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੀਆਂ ਭਖਦੀਆ ਮੰਗਾਂ ਵੀ ਇਸ ਮੋਰਚੇ ਵਿੱਚ ਸ਼ਾਮਲ ਹੋਣਗੀਆਂ, ਜਿਵੇਂ ਦਿੱਲੀ ਮੋਰਚੇ ਵਿਚ ਫੌਤ ਹੋਏ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਅਤੇ ਭਾਰਤ ਮਾਲਾ ਪ੍ਰਾਜੈਕਟ ਰਾਹੀਂ ਨਿਕਲ ਰਹੀ ਸੜਕ ਦਾ ਮੁਆਵਜ਼ਾ ਕਿਸਾਨਾਂ ਦੀ ਸਹਿਮਤੀ ਨਾਲ ਤੈਅ ਕੀਤਾ ਜਾਵੇ, ਗੈਸ ਪਾਈਪ ਲਾਈਨ ਦੇ ਮੁਆਵਜ਼ੇ ਲਈ ਡੀਸੀ ਬਠਿੰਡਾ ਦਾ ਸਮਝੌਤਾ ਲਾਗੂ ਕੀਤਾ ਜਾਵੇ। ਗੜੇਮਾਰੀ ਅਤੇ ਅੱਗ ਨਾਲ ਸੜੀ ਕਣਕ ਦਾ ਮੁਆਵਜ਼ਾ ਜਲਦੀ ਜਾਰੀ ਕੀਤਾ ਜਾਵੇ ਪਿੰਡ ਰਾਏਕੇ ਕਲਾਂ ਅਤੇ ਪੰਜਾਬ ਭਰ ਚ ਭਿਆਨਕ ਬਿਮਾਰੀ ਨਾਲ ਮਰੇ ਦੁਧਾਰੂ ਪਸ਼ੂਆਂ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਨੂੰ ਯਕੀਨੀ ਬਣਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।