ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਲੋਕਾਂ ਦੀਆਂ ਬਰੂਹਾਂ 'ਤੇ ਲਿਜਾਣ ਦਾ ਕੀਤਾ ਵਾਅਦਾ ਨਿਭਾਇਆ- ਮੰਢੇਰ
ਵਿਧਾਇਕ ਅਮਰਗੜ੍ਹ ਦੀ ਧਰਮਪਤਨੀ ਨੇ ਅਜਿਹੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਘਰਾਂ ਦੇ ਕੋਲ ਜਾਕੇ ਹੀ ਹੱਲ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਕੀਤਾ ਧੰਨਵਾਦ
ਮਾਲੇਰਕੋਟਲਾ : ''ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ ਦੀ ਸਰਕਾਰ ਆਪ ਦੇ ਦੁਆਰ' ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਜਨ ਸੁਣਵਾਈ ਕੈਂਪਾਂ ਰਾਹੀਂ ਜਮੀਨੀ ਪੱਧਰ 'ਤੇ ਲੋਕਾਂ ਦੀਆਂ ਨਿੱਜੀ ਅਤੇ ਸਾਂਝੀਆਂ ਮੁਸ਼ਕਿਲਾਂ ਹੱਲ ਕਰਨ ਲਈ ਲਗਾਤਾਰ ਜਨ ਸੁਣਵਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਸਬ ਡਵੀਜਨ ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਵਿਸ਼ੇਸ ਜਨ ਸੁਵਿਧਾ ਕੈਂਪ ਲਗਾ ਕੇ ਲੋਕਾਂ ਦੀਆਂ ਮੁਸਕਲਾਂ/ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਅਪਰਨਾ ਐਮ.ਬੀ.ਐਕਸੀਅਨ ਪੀ.ਐਸੀ.ਪੀ.ਸੀ.ਐਲ ਇੰਜ.ਹਰਵਿੰਦਰ ਸਿੰਘ, ਡੀ. ਡੀ. ਪੀ. ਓ. ਸ੍ਰੀਮਤੀ ਰਿੰਪੀ ਗਰਗ, ਨਾਇਬ ਤਹਿਸੀਲਦਾਰ ਸ੍ਰੀ ਜਗਦੀਪ ਇੰਦਰ ਸਿੰਘ ਸੋਢੀ, ਐਸ. ਡੀ. ਓ. ਇੰਜ. ਯੁਦਵੀਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁੱਖੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ 'ਤੇ ਹੱਲ ਕਰਨ ਅਤੇ ਤੁਰੰਤ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮ ਉਨ੍ਹਾਂ ਦੇ ਘਰਾਂ ਦੇ ਨੇੜੇ ਹੋ ਸਕਣ ਅਤੇ ਉਨ੍ਹਾਂ ਨੂੰ ਦੁਰ ਦੁਰਾਡੇ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਅਧਿਕਾਰੀ/ਕਰਮਚਾਰੀ ਆਮ ਲੋਕਾਂ ਦੀਆ ਮੁਸ਼ਕਲਾਂ/ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਉਪਰਾਲੇ ਕਰਨਗੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਲਾਕਾ ਨਿਵਾਸੀਆ ਨਾਲ ਗੱਲਬਾਤ ਕੀਤੀ। ਕੈਂਪ ਵਿੱਚ ਸ਼ਾਮਲ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਦਮ ਦੀ ਭਰਭੂਰ ਸ਼ਲਾਂਘਾ ਕੀਤੀ। ਡਾ ਪੱਲਵੀ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐਸ. ਡੀ. ਐਮ. ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਲੱਗਣ ਵਾਲੇ ਕੈਂਪਾਂ ਦੀ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ ਅਤੇ ਧਾਰਮਿਕ ਸਥਾਨਾਂ ਤੋਂ ਇਲਾਵਾ ਹੋਰ ਸਾਧਨਾਂ ਰਾਹੀਂ ਕੈਂਪਾਂ ਬਾਰੇ ਅਗੇਤੇ ਤੌਰ ’ਤੇ ਜਾਗਰੂਕ ਸੂਚਨਾ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਇਨ੍ਹਾਂ ਕੈਂਪਾਂ ਦਾ ਲੋੜਵੰਦ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਨ੍ਹਾਂ ਦੇ ਪਿੰਡ ਵਿੱਚ ਇਸ ਤਰਾਂ ਦਾ ਕੈਂਪ ਲੱਗੇ ਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ। ਵਿਧਾਇਕ ਅਮਰਗੜ੍ਹ ਸ੍ਰੀ ਜਸਵੰਤ ਸਿੰਘ ਗੱਜਣਮਾਜਰਾ ਦੀ ਧਰਮਪਤਨੀ ਸ੍ਰੀਮਤੀ ਪਰਮਿੰਦਰ ਕੌਰ ਮੰਢੇਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਜਿਹੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਘਰਾਂ ਦੇ ਕੋਲ ਜਾਕੇ ਹੀ ਹੱਲ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਸਰਕਾਰ ਲੋਕਾਂ ਦੀਆਂ ਬਰੂਹਾਂ 'ਤੇ ਲਿਜਾਣ' ਦਾ ਕੀਤਾ ਵਾਅਦਾ ਨਿਭਾਅ ਦਿੱਤਾ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ਤੇ ਜਾ ਕੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਇਨ੍ਹਾਂ ਕੈਂਪਾਂ ਵਿੱਚ ਸੇਵਾ ਕੇਂਦਰ ਦੇ ਕਰਮਚਾਰੀ ਵੀ ਮੌਜੂਦ ਹਨ, ਕੋਈ ਵੀ ਲੋੜਵੰਦ ਸੇਵਾ ਕੇਂਦਰਾਂ ਨਾਲ ਸਬੰਧਤ ਨਿਰਧਾਰਿਤ ਸੇਵਾਵਾਂ ਦਾ ਲਾਭ ਲੈਣ ਲਈ ਪੁਜ ਸਕਦਾ ਹੈ।