ਅੰਬਾਲਾ : ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਦੀ ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਸਨਮਾਨ ਸਮਾਰੋਹ ਕਰਨ ਲਈ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਸਵੇਰੇ ਤੋਂ ਸ਼ਾਮ ਚਾਰ ਵਜੇ ਤੱਕ ਮਾਹੌਲ ਗਰਮ ਰਿਹਾ। ਕਿਸਾਨ ਦੁਪਹਿਰ ਸਮੇਂ ਅੰਬਾਲਾ-ਚੰਡੀਗੜ੍ਹ ਬਾਈਪਾਸ ਤੋਂ ਇਕੱਠੇ ਹੋ ਕੇ ਨਵੀਂ ਅਨਾਜ ਮੰਡੀ ਦੇ ਲਈ ਨਿਕਲੇ ਤਾਂ ਪੁਲਿਸ ਨੇ ਨਸੀਰਪੁਰ ਦੇ ਨੇੜੇ ਅਤੇ ਪਿੰਡ ਬਲਾਨਾ ਦੇ ਨੇੜੇ ਰੋਕਾਂ ਲਗਾ ਕੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਥੇ ਕਿਸਾਨਾਂ ਦਾ ਲਗਪਗ ਤਿੰਨ ਘੰਟੇ ਤੱਕ ਪ੍ਰਦਰਸ਼ਨ ਚੱਲਿਆ। ਕਰੀਬ ਸ਼ਾਮ ਪੌਣੇ ਚਾਰ ਵਜੇ ਕਿਸਾਨ ਆਗੂਆਂ ਅਤੇ ਐਸ.ਪੀ. ਅੰਬਾਲਾ ਵਿਚਾਲੇ ਸਹਿਮਤੀ ਬਣੀ। ਇਸ ਤੋਂ ਬਾਅਦ ਪੁਲਿਸ ਨੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ’ਤੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਚਲੇ ਗਏ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਸਹਿਮਤੀ ਬਣ ਗਈ ਹੈ। ਪੁਲਿਸ ਨੇ ਹਿਰਾਸਤ ਵਿੱਚ ਲਏ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਹੈ ਅਤੇ ਕਿਸਾਨ ਸ਼ੰਭੂ ਬਾਰਡਰ ’ਤੇ ਸਨਮਾਨ ਸਮਾਰੋਹ ਮਨਾਉਣਗੇ।