ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਵੱਲੋਂ 1 ਤੋਂ 7 ਅਗਸਤ ਤੱਕ ਵਿਸ਼ਵ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਐਸ. ਐਮ. ਓ ਡਾ. ਭਿੰਡਰ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਮਾਂ ਦਾ ਦੁੱਧ ਸ਼ੁਰੂ ਕਰਵਾਉਣਾ ਅਤੇ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ - ਨਾਲ ਘਟੋਂ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੇ ਮਾਨਸਿਕ, ਸਰੀਰਕ ਅਤੇ ਸਰਵਪੱਖੀ ਵਿਕਾਸ ਲਈ ਲਾਭਦਾਇਕ ਹੈ। ਉਹਨਾਂ ਕਿਹਾ ਕਿ ਮਾਂ ਆਪਣੇ ਬੱਚੇ ਦੇ ਜਨਮ ਦੇ ਪਹਿਲੇ ਦੋ ਤਿੰਨ ਦਿਨਾਂ ਦੌਰਾਨ ਆਪਣਾ ਪਹਿਲਾਂ ਗਾੜਾ ਜਾਂ ਪੀਲੇ ਰੰਗ ਦਾ ਦੁੱਧ ਜਿਸ ਨੂੰ ਬੋਲਾ ਦੁੱਧ ਕਹਿੰਦੇ ਹਨ ਜਰੂਰ ਪਿਲਾਏ ,ਬੱਚੇ ਦਾ ਜਨਮ ਹੋਣ ਉਪਰੰਤ ਮਾ ਦੇ ਦੁੱਧ ਤੋਂ ਪਹਿਲਾਂ ਹੋਰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਆਪਣੇ ਬੱਚੇ ਨੂੰ ਕਿਸੇ ਪ੍ਰਕਾਰ ਦੀ ਗੁੜ੍ਹਤੀ ਨਹੀਂ ਦੇਣੀ ਚਾਹੀਦੀ। ਜੇਕਰ ਮਾਂ ਖੁਦ ਬਿਮਾਰ ਹੈ ਤਾਂ ਵੀ ਆਪਣੇ ਬੱਚੇ ਨੂੰ ਬਿਨਾਂ ਕਿਸੇ ਨੁਕਸਾਨ ਡਰ ਤੋਂ ਦੁੱਧ ਪਿਲਾਉਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਹੀ ਠੋਸ ਖੁਰਾਕ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ।ਮਾਂ ਦਾ ਦੁੱਧ ਓਪਰੇ ਦੁੱਧ ਨਾਲੋਂ ਹਮੇਸ਼ਾ ਲਾਭਦਾਇਕ ਹੁੰਦਾ ਹੈ। ਇਸ ਮੌਕੇ ਹਰਪ੍ਰੀਤ ਕੌਰ ਬੀ. ਈ. ਈ, ਰਾਜੇਸ਼ ਰਿਖੀ, ਚਰਨਜੀਤ ਕੌਰ ਐਲ. ਐਚ. ਵੀ, ਗੁਰਮੀਤ ਕੌਰ, ਮਨਜਿੰਦਰ ਕੌਰ, ਮਨਦੀਪ ਕੌਰ ਸਮੇਤ ਸਮੂਹ ਸਟਾਫ ਤੇ ਮਾਵਾਂ ਹਾਜ਼ਰ ਸਨ