ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਤੋਂ ਖ਼ਫ਼ਾ ਪੈਨਸ਼ਨਰ 24 ਅਗਸਤ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣਗੇ। ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਕਾਰਜ਼ਕਾਰਨੀ ਦੀ ਹੰਗਾਮੀ ਮੀਟਿੰਗ ਸੁਨਾਮ ਵਿਖੇ ਰਾਮ ਸਰੂਪ ਢੈਪਈ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਨੂੰ ਜਲੰਧਰ ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਰੋਸ ਮੁਜਾਹਰਾ ਨਾ ਕਰਨ ਦੀ ਅਪੀਲ ਕੀਤੀ ਅਤੇ ਫਰੰਟ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ। ਲੇਕਿਨ ਜ਼ਿਮਨੀ ਚੋਣ ਤੋਂ ਬਾਅਦ ਮੀਟਿੰਗਾਂ ਦਾ ਵਾਰ ਵਾਰ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ 22 ਅਗਸਤ ਦੀ ਮੀਟਿੰਗ ਨਾ ਕਰਕੇ ਅਗਲੀ ਮੀਟਿੰਗ 22 ਸਤੰਬਰ ਦੀ ਦੇ ਦਿੱਤੀ ਅਤੇ ਮੀਟਿੰਗ ਵੀ ਕੈਬਨਿਟ ਸਬ ਕਮੇਟੀ ਨਾਲ ਫਿਕਸ ਕਰ ਦਿੱਤੀ। ਆਪ ਮੁੱਖ ਮੰਤਰੀ ਨੇ ਗੱਲਬਾਤ ਤੋਂ ਕੰਨੀ ਕੱਟੀ ਗਿਆ। ਜਿਸਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਹੈ। ਮੀਟਿੰਗ ਨੇ ਫੈਸਲਾ ਕੀਤਾ ਹੈ ਸੂਬਾਈ ਫੈਸਲੇ ਮੁਤਾਬਕ 24 ਅਗਸਤ ਨੂੰ ਮੁੱਖ ਮੰਤਰੀ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਦੀ ਪੰਡ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਫਰੰਟ ਵਿੱਚ ਸ਼ਾਮਿਲ ਦੀ ਪੈਨਸ਼ਨਰ ਐਸੋਸੀਏਸ਼ਨ ਸੁਨਾਮ ਅਤੇ ਪੀ ਐਸ ਪੀ ਸੀ ਐਲ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਵਲੋਂ ਸਾਂਝੇ ਤੌਰ ਤੇ ਫੂਕੀ ਜਾਵੇਗੀ। ਮੀਟਿੰਗ ਨੂੰ ਭੁਪਿੰਦਰ ਸਿੰਘ ਛਾਜਲੀ, ਜੀਤ ਸਿੰਘ ਬੰਗਾ, ਧਰਮ ਸਿੰਘ, ਕੇਹਰ ਸਿੰਘ ਜੋਸਨ, ਪਦਮ ਕੁਮਾਰ ਛਾਜਲੀ, ਦਰਸ਼ਨ ਸਿੰਘ ਮੱਟੂ, ਪਵਨ ਸ਼ਰਮਾ, ਬ੍ਰਿਜ ਲਾਲ ਧੀਮਾਨ, ਹਰਨੇਕ ਸਿੰਘ ਨੱਢਾ, ਨਰੇਸ਼ ਸਰਮਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ 24 ਅਗਸਤ ਨੂੰ ਮਾਤਾ ਮੋਦੀ ਪਾਰਕ ਵਿੱਚ ਪਹੁੰਚਣ ਦਾ ਸੱਦਾ ਦਿੱਤਾ।