ਸੁਨਾਮ : ਸੁਨਾਮ ਅੰਦਰ ਸੜਕਾਂ ਅਤੇ ਗਲ਼ੀ ਮੁਹੱਲਿਆਂ ਵਿੱਚ ਘੁੰਮਦੇ ਸੈਂਕੜਿਆਂ ਦੀ ਗਿਣਤੀ ਵਿੱਚ ਲਵਾਰਿਸ ਪਸ਼ੂ ਲੋਕਾਂ ਦੀ ਜ਼ਿੰਦਗੀ ਲਈ ਖੌਅ ਬਣੇ ਹੋਏ ਹਨ। ਲਵਾਰਿਸ ਪਸ਼ੂਆਂ ਨੇ ਇਲਾਕੇ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਦਰਜਨਾਂ ਜ਼ਖਮੀ ਹੋ ਚੁੱਕੇ ਹਨ ਲੇਕਿਨ ਸੂਬੇ ਦੀ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸ਼ਹਿਰ ਦੇ ਵਸਨੀਕਾਂ ਜਸਵਿੰਦਰ ਸਿੰਘ, ਜਗਪਾਲ ਸਿੰਘ ਢੀਂਡਸਾ, ਨਿਰਮਲ ਸਿੰਘ ਅਤੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਟੇਡੀਅਮ ਰੋਡ, ਜਾਖਲ ਰੋਡ, ਇੰਦਰਾ ਬਸਤੀ, ਪੀਰਾਂ ਵਾਲਾ ਚੌਕ, ਸਿਨੇਮਾ ਰੋਡ ਆਦਿ ਇਲਾਕਿਆਂ ਵਿੱਚ ਦਰਜਨਾਂ ਲਵਾਰਿਸ ਪਸ਼ੂਆਂ ਦੇ ਇਕੱਠੇ ਹੋਣ ਕਾਰਨ ਵਾਹਨ ਚਾਲਕ ਅਤੇ ਇਲਾਕਾ ਵਾਸੀ ਕਾਫੀ ਪ੍ਰੇਸ਼ਾਨ ਹਨ। ਬੱਚਿਆਂ ਨੂੰ ਗਲੀਆਂ ਵਿੱਚੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਇਨ੍ਹਾਂ ਲਵਾਰਿਸ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਮੁੱਖ ਸੜਕਾਂ ’ਤੇ ਦਰਜਨਾਂ ਪਸ਼ੂਆਂ ਦੇ ਝੁੰਡ ਬੈਠੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸੜਕ ਤੋਂ ਨਿਕਲਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਹ ਪਸ਼ੂ ਅਚਾਨਕ ਵਾਹਨਾਂ ਦੇ ਅੱਗੇ ਆ ਜਾਂਦੇ ਹਨ ਜਿਸ ਕਾਰਨ ਚਾਲਕ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਸੀਟੂ ਦੇ ਕਨਵੀਨਰ ਵਰਿੰਦਰ ਕੌਸ਼ਿਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜ਼ਿੰਦਗੀ ਲਈ ਖੌਅ ਬਣੇ ਸ਼ਹਿਰ ਵਿੱਚ ਘੁੰਮਦੇ ਇਨ੍ਹਾਂ ਲਵਾਰਿਸ ਪਸ਼ੂਆਂ ਨੂੰ ਫੜਨ ਲਈ ਮੁਹਿੰਮ ਚਲਾਈ ਜਾਵੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ ਅਤੇ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਅਵਾਰਾ ਪਸ਼ੂ ਕੂੜੇ ਦੇ ਢੇਰਾਂ, ਗਲੀਆਂ ਅਤੇ ਸੜਕਾਂ ਵਿੱਚ ਨਿਡਰ ਹੋ ਕੇ ਘੁੰਮਦੇ ਦੇਖੇ ਜਾ ਸਕਦੇ ਹਨ। ਕਈ ਵਾਰ ਉਹ ਲੋਕਾਂ 'ਤੇ ਹਮਲਾ ਵੀ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਪ੍ਰਸ਼ਾਸਨ ਨੂੰ ਜਲਦੀ ਹੀ ਲਵਾਰਿਸ ਪਸ਼ੂਆਂ ਨੂੰ ਫੜਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਸੂਬੇ ਦੀ ਸਰਕਾਰ ਅਤੇ ਪ੍ਰਸ਼ਾਸਨ ਉਕਤ ਅਤੀ ਸੰਵੇਦਨਸ਼ੀਲ ਮਾਮਲੇ ਵਿੱਚ ਤੁਰੰਤ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ ਤਾਂ ਜੋ ਵਾਪਰ ਰਹੀਆਂ ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।