ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੁਨਾਮ ਵਿਖੇ ਕੰਬੋਜ਼ ਬਰਾਦਰੀ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਦੌਰਾਨ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਸਾਡੀ ਸ਼ੁਰੂ ਤੋਂ ਹੀ ਇਹੀ ਕੋਸ਼ਿਸ਼ ਰਹੀ ਹੈ ਕਿ ਕਿਸ ਤਰੀਕੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਵੀ ਰੱਖ ਸਕੀਏ, ਉਨ੍ਹਾਂ ਦੀ ਸ਼ਹਾਦਤ ਨੂੰ ਬਾਕੀਆਂ ਵਾਂਗ ਕੇਵਲ 31 ਜੁਲਾਈ ਤੇ 26 ਦਸੰਬਰ ਨੂੰ ਹੀ ਸ਼ਰਧਾ ਦੇ ਫੁੱਲ ਭੇਟ ਕਰਨਾ ਕਾਫੀ ਨਹੀਂ ਸਗੋਂ ਸਾਨੂੰ ਹਰ ਰੋਜ਼ ਇਹ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਕਿਵੇਂ ਉਸ ਮਹਾਨ ਯੋਧੇ ਦੀ ਯਾਦ ਵਿੱਚ ਕੋਈ ਢੁੱਕਵੀਂ ਯਾਦਗਾਰ ਸੁਨਾਮ ਸ਼ਹਿਰ ਵਿੱਚ ਬਣਾਈ ਜਾ ਸਕੇ। ਮੈਡਮ ਦਾਮਨ ਬਾਜਵਾ ਨੇ ਕੰਬੋਜ਼ ਬਰਾਦਰੀ ਨਾਲ ਮੀਟਿੰਗ ਦੌਰਾਨ ਕਿਹਾ ਕਿ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਸਮੇਂ ਉਨ੍ਹਾਂ ਨੇ ਸੁਨਾਮ ਵਿਖੇ ਸਥਾਪਿਤ ਸ਼ਹੀਦ ਊਧਮ ਸਿੰਘ ਮੈਮੋਰੀਅਲ ਦੇ ਨਵੀਨੀਕਰਨ ਦਾ ਮੁੱਦਾ ਚੁੱਕਿਆ ਹੈ ਅਤੇ ਇੱਥੇ ਕੋਈ ਵੱਡੀ ਲਾਇਬ੍ਰੇਰੀ, ਮਿਊਜ਼ੀਅਮ , ਓਪਨ ਥੀਏਟਰ, ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਘਰ ਦਾ ਨਵੀਨੀਕਰਨ, 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਰਾਸ਼ਟਰੀ ਪੱਧਰ ਤੇ ਮਨਾਇਆ ਜਾਵੇ, ਸ਼ਹੀਦ ਦੇ ਨਾਮ ਉੱਪਰ ਵੱਡੇ ਯਾਦਗਾਰੀ ਗੇਟ, ਸ਼ਹੀਦ ਦਾ ਲੰਡਨ ਵਿੱਚ ਪਿਆ ਸਮਾਨ ਵਾਪਸ ਮੰਗਵਾਇਆ ਜਾਵੇ, ਸੁਨਾਮ ਨਾਲ ਜੁੜਨ ਵਾਲੇ ਸਾਰੇ ਰਾਸ਼ਟਰੀ ਰਾਜ ਮਾਰਗਾਂ ਤੇ ਸੁਨਾਮ ਊਧਮ ਸਿੰਘ ਵਾਲਾ ਲਿਖਿਆ ਜਾਵੇ ਆਦਿ ਮੰਗਾਂ ਨੂੰ ਹੀ ਅੱਗੇ ਰੱਖਿਆ ਜਾਂਦਾ ਹੈ । ਮੈਡਮ ਦਾਮਨ ਬਾਜਵਾ ਨੇ ਉੱਕਤ ਮੰਗਾਂ ਸਬੰਧੀ ਕੰਬੋਜ ਬਰਾਦਰੀ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਦੱਸਿਆ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਸ਼ਹੀਦ ਊਧਮ ਸਿੰਘ ਜੀ ਦੇ ਮੈਮੋਰੀਅਲ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਸੁਨਾਮ ਦਾ ਦੌਰਾ ਕਰਨ ਆ ਰਹੇ ਹਨ। ਇਸ ਮੌਕੇ ਗਿਆਨੀ ਜੰਗੀਰ ਸਿੰਘ ਰਤਨ, ਹਰਨੇਕ ਸਿੰਘ, ਕਰਨੈਲ ਸਿੰਘ ਢੋਟ, ਅਵਤਾਰ ਸਿੰਘ, ਗੁਰਦਿਆਲ ਸਿੰਘ, ਰਾਜਿੰਦਰ ਸਿੰਘ ਕੈਫ਼ੀ, ਕੁਲਦੀਪ ਸਿੰਘ ਬਾਵਾ ਕੈਂਚੀ, ਬਲਜਿੰਦਰ ਸਿੰਘ ਕਾਕਾ, ਜਸਪਾਲ ਸਿੰਘ ਪਾਲਾ ਸਮੇਤ ਹੋਰ ਆਗੂ ਹਾਜ਼ਰ ਸਨ।