ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਰਸਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਈਸ-ਚਾਂਸਲਰ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀ ਸਰਕਾਰ ਹਰੇਕ ਪੱਧਰ 'ਤੇ ਯੂਨੀਵਰਸਿਟੀ ਦੀ ਹਰ ਪੱਖੋਂ ਮਦਦ ਕਰੇਗੀ। ਉਹਨਾਂ ਪ੍ਰੋਫ਼ੈਸਰ ਅਰਵਿੰਦ ਨੂੰ ਕਿਹਾ ਕਿ ਉਹ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਬਨਾਉਣ ਲਈ ਕਾਰਜ ਕਰਨ। ਇਸ ਮੀਟਿੰਗ ਵਿੱਚ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਾਲ-ਨਾਲ ਯੂਨੀਵਰਸਿਟੀ ਨੂੰ ਅਗਾਂਹ ਲੈ ਜਾਣ ਲਈ ਭਵਿੱਖ ਦੀਆਂ ਪ੍ਰਬੰਧਕੀ ਅਤੇ ਵਿੱਦਿਅਕ ਯੋਜਨਾਵਾਂ ਬਾਰੇ ਸੰਖੇਪ ਰੂਪ ਵਿੱਚ ਜਾਣੂ ਕਰਵਾਇਆ। ਉਹਨਾਂ ਇਹ ਵੀ ਕਿਹਾ ਕਿ ਵੱਖ-ਵੱਖ ਪ੍ਰਬੰਧਕੀ ਅਤੇ ਵਿੱਦਿਅਕ ਆਹੁਦਿਆਂ ਲਈ ਡੀਨਾਂ ਦੀ ਨਵੀਂ ਟੀਮ ਦਾ ਗਠਨ ਕਰ ਲਿਆ ਗਿਆ ਹੈ, ਇਸੇ ਤਰ੍ਹਾਂ ਸੈਸ਼ਨ 2021-22 ਤੋਂ ਅੰਤਰ-ਅਨੁਸ਼ਾਸਨੀ ਅਤੇ ਬਹੁ-ਪਰਤੀ ਕੋਰਸਾਂ ਦੀ ਸ਼ੁਰੂਆਤ ਲਈ ਕਾਰਜ ਚੱਲ ਰਿਹਾ ਹੈ। ਯੂਨੀਵਰਸਿਟੀ ਦੀ ਵੱਖ-ਵੱਖ ਅਦਾਰਿਆਂ, ਜਿਹਨਾਂ ਵਿੱਚ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਸ਼ਾਮਿਲ ਹਨ, ਨਾਲ ਭਾਗੀਦਾਰੀ ਲਈ ਯੋਜਨਾਵਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬੀ ਦੇ ਵਿਕਾਸ ਅਤੇ ਇਸ ਨੂੰ ਅਜੋਕੇ ਸਮੇਂ ਦੇ ਹਾਣੀ ਬਨਾਉਣ ਲਈ ਡਾਟਾ ਸਾਇੰਸ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁੱਖ ਉਦੇਸ਼ ਕਿ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਵਿੱਚ ਕਰਵਾਉਣ, ਦੀ ਪੂਰਤੀ ਹੋ ਸਕੇ। ਇਸ ਦੇ ਨਾਲ ਹੀ ਆਧੁਨਿਕ ਭਾਸ਼ਾਵਾਂ ਦਾ ਤਕਨੀਕੀ ਪੱਧਰ ਉੱਚਾ ਚੁੱਕਣ ਲਈ ਹਰੇਕ ਉਪਰਾਲਾ ਕੀਤਾ ਜਾਵੇਗਾ, ਤਾਂ ਕਿ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ ਦੇ ਅਦਾਰਿਆਂ ਵਿੱਚ ਕਾਰਜ ਕਰਨ ਦੇ ਸਮਰੱਥ ਹੋ ਸਕਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਚੇਰੇ ਤੌਰ 'ਤੇ ਜ਼ਿਕਰ ਕੀਤਾ ਕਿ ਇਹ ਇੱਕ ਕਿਸਮ ਨਾਲ ਪੰਜਾਬ ਦੀ ਵਿਰਾਸਤੀ ਯੂਨੀਵਰਸਿਟੀ ਹੈ, ਜਿਸ ਨੇ ਪੰਜਾਬ ਵਿਸ਼ੇਸ਼ ਕਰਕੇ ਮਾਲਵੇ ਦੇ ਖ਼ਿੱਤੇ ਦਾ ਵਿੱਦਿਅਕ ਪੱਧਰ ਉੱਚਾ ਕੀਤਾ ਹੈ।